ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 21 ਅਪਰੈਲ
ਖਰੜ ਤੇ ਡੇਰਾਬੱਸੀ ਦੇ ਐੱਸਡੀਐੱਮਜ਼ ਵੱਲੋਂ ਸਕੂਲੀ ਬੱਸਾਂ ਨੂੰ 30-30 ਹਜ਼ਾਰ ਰੁਪਏ ਜੁਰਮਾਨੇ ਤੇ ਬੱਸਾਂ ਨੂੰ ਜ਼ਬਤ ਕਰਨ ਦਾ ਮਾਮਲਾ ਭਖ ਗਿਆ ਹੈ। ਅੱਜ ਇੱਥੇ ਮੁਹਾਲੀ ਸਕੂਲ ਬੱਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਸ਼ਰਨ ਸਿੰਘ ਤੇ ਜਨਰਲ ਸਕੱਤਰ ਸੰਦੀਪ ਸਿੰਘ ਮਾਨ ਦੋਸ਼ ਲਾਇਆ ਕਿ ਸਕੂਲ ਬੱਸਾਂ ਜ਼ਰੂਰੀ ਉਪਕਰਨਾਂ ਨਾਲ ਲੈਸ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਬੱਸਾਂ ਅਪਰੇਟਰਾਂ ਨੂੰ ਚੈਕਿੰਗ ਦੀ ਆੜ ’ਚ ਜੁਰਮਾਨੇ ਕਰਕੇ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦਸਤਾਵੇਜ਼ ਆਨਲਾਈਨ ਅਪਡੇਟ ਨਹੀਂ ਹੋ ਰਹੇ ਤਾਂ ਦਸਤੀ ਰਸੀਦਾਂ ਕੀਤੀਆਂ ਜਾਣ ਤੇ ਦਸਤਾਵੇਜ਼ ਅਪਡੇਟ ਕਰਨ ਲਈ ਜੁਲਾਈ ਤੱਕ ਦਾ ਸਮਾਂ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਮੱਸਿਆ ਹੱਲ ਨਾ ਹੋਣ ’ਤੇ ਉਹ 27 ਅਪਰੈਲ ਤੋਂ ਬੱਸਾਂ ਸੜਕਾਂ ’ਤੇ ਖੜ੍ਹੀਆਂ ਕਰਕੇ ਸੰਘਰਸ਼ ਕਰਨਗੇ।
ਮਸਲਾ ਜਲਦੀ ਹੱਲ ਹੋਵੇਗਾ: ਸਕੱਤਰ
ਖੇਤਰੀ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਸਾਫ਼ਟਵੇਅਰ ਅਪਡੇਟ ਕਰਨ ਲਈ ਟਰਾਂਸਪੋਰਟ ਵਿਭਾਗ ਦੇ ਕਮਿਸ਼ਨਰ ਨੂੰ ਚਿੱਠੀ ਲਿਖੀ ਗਈ ਹੈ ਤੇ ਇਹ ਮਸਲਾ ਜਲਦੀ ਹੱਲ ਕਰ ਲਿਆ ਜਾਵੇਗਾ। ਡੇਰਾਬੱਸੀ ਤੇ ਨਵਾਂ ਗਾਓਂ ’ਚ ਸਕੂਲ ਬੱਸਾਂ ਦੇ ਚਲਾਨ ਬਾਰੇ ਉਨ੍ਹਾਂ ਕਿਹਾ ਕਿ ਐੱਸਡੀਐੱਮ ਵੱਲੋਂ ਟੈਕਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।