ਪੱਤਰ ਪ੍ਰੇਰਕ
ਚੰਡੀਗੜ੍ਹ, 13 ਸਤੰਬਰ
ਪੰਜਾਬ ਯੂਨੀਵਰਸਿਟੀ ਵਿੱਚ ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਕਾਰਕੁਨਾਂ ਵੱਲੋਂ ਅੱਜ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਸਟੂਡੈਂਟ ਸੈਂਟਰ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ। ਜਥੇਬੰਦੀ ਦੀ ਯੂਨੀਵਰਸਿਟੀ ਯੂਨਿਟ ਦੇ ਪ੍ਰਧਾਨ ਅਮਿਤ ਪੂਨੀਆ ਅਤੇ ਇਕਾਈ ਆਗੂ ਸੌਰਿਆ ਮਹਿਰਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵਿੱਚ ਕਈ ਵਿਭਾਗ ਗੈਸਟ ਫੈਕਲਟੀ ਆਧਾਰ ’ਤੇ ਚੱਲ ਰਹੇ ਹਨ, ਰੈਗੂਲਰ ਅਧਿਆਪਕਾਂ ਦੀ ਘਾਟ ਕਾਰਨ ਸਿੱਖਿਆ ਦਾ ਮਿਆਰ ਡਿੱਗ ਰਿਹਾ ਹੈ।
ਜੇਕਰ ਸੈਨੇਟ ਅਤੇ ਸਿੰਡੀਕੇਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਮੀਟਿੰਗਾਂ ਵਿੱਚ ਹਰ ਸਾਲ ਫ਼ੀਸਾਂ ਵਿੱਚ 5 ਤੋਂ 7 ਫ਼ੀਸਦੀ ਵਾਧਾ ਕਰਨ ਦੇ ਵਿਦਿਆਰਥੀ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ। ਪੀ.ਯੂ. ਪ੍ਰਸ਼ਾਸਨ ਯੂਨੀਵਰਸਿਟੀ ਵਿੱਚ ਸੁਰੱਖਿਆ, ਸਾਊਥ ਕੈਂਪਸ ਵਿੱਚ ਸਟੇਸ਼ਨਰੀ, ਕੰਟੀਨ ਅਤੇ ਈ-ਰਿਕਸ਼ਾ ਦੀਆਂ ਸਹੂਲਤਾਂ ਦੇਣ ਵਿੱਚ ਨਾਕਾਮ ਰਿਹਾ ਹੈ। ਅਜਿਹੀਆਂ 16 ਮੰਗਾਂ ਨੂੰ ਲੈ ਕੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਕਾਰਕੁਨ ਅੱਜ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ’ਤੇ ਭੁੱਖ ਹੜਤਾਲ ’ਤੇ ਬੈਠੇ। ਉਨ੍ਹਾਂ ਮੰਗ ਕੀਤੀ ਕਿ ਪੀ.ਯੂ. ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ, ’ਵਰਸਿਟੀ ਦੇ ਦੱਖਣੀ ਕੈਂਪਸ ਵਿੱਚ ਵਿਦਿਆਰਥੀਆਂ ਨੂੰ ਡਿਸਪੈਂਸਰੀ ਤੇ ਸਟੇਸ਼ਨਰੀ ਸ਼ਾਪ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਕੈਂਪਸ ਵਿੱਚ ਈ-ਰਿਕਸ਼ਾ ਦੀ ਸਹੂਲਤ ਨੂੰ ਵਧਾਇਆ ਅਤੇ ਸ਼ਟਲ ਬੱਸ ਸੇਵਾਵਾਂ ਨੂੰ ਮੁੜ ਸ਼ੁਰੂ ਕਰਵਾਇਆ ਜਾਵੇ ਤੇ ਹੋਸਟਲਾਂ ਵਿੱਚ ਭੋਜਨ ਦੀ ਗੁਣਵੱਤਾ ਵਿੱਚ ਵਾਧਾ ਕੀਤਾ ਜਾਵੇ। ਅੱਜ ਦੇ ਰੋਸ ਮੁਜ਼ਾਹਰੇ ਉਪਰੰਤ ਸੌਰਿਆ ਮਹਿਰਾ, ਅਜੇ ਸੂਦ, ਇਸ਼ਿਤਾ, ਸ੍ਰਿਸ਼ਟੀ, ਸਾਕਸ਼ੀ, ਦਿਸ਼ਾ, ਅਭਿਸ਼ੇਕ ਕਪੂਰ, ਪਰਵਿੰਦਰ ਨੇਗੀ, ਆਯੂਸ਼, ਵਿਸ਼ਵਜੀਤ, ਰਜਤਪੁਰੀ, ਅਭਿਸ਼ੇਕ ਸ਼ੁਕਲਾ, ਹਿਤੇਸ਼ ਤੇ ਸੌਰਭ ਆਦਿ ਸਮੇਤ ਕੁੱਲ 23 ਕਾਰਕੁਨ ਭੁੱਖ ਹੜਤਾਲ ’ਤੇ ਬੈਠੇ। ਜਥੇਬੰਦੀ ਨੇ ਪੀ.ਯੂ. ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਆਉਣ ਵਾਲੇ ਸਮੇਂ ਵਿੱਚ ਆਪਣਾ ਅੰਦੋਲਨ ਹੋਰ ਤੇਜ਼ ਕਰੇਗੀ।