ਕੁਲਦੀਪ ਸਿੰਘ
ਚੰਡੀਗੜ੍ਹ, 28 ਜਨਵਰੀ
ਗਣਤੰਤਰਤਾ ਦਿਵਸ ਮੌਕੇ ਦਿੱਲੀ ਵਿੱਚ ਲਾਲ ਕਿਲੇ ’ਤੇ ਵਾਪਰੀਆਂ ਹਿੰਸਕ ਘਟਨਾਵਾਂ ਦੇ ਵਿਰੋਧ ਵਿੱਚ ਅੱਜ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਵੱਲੋਂ ਤਿਰੰਗਾ ਮਾਰਚ ਕੀਤਾ ਗਿਆ। ਗੇਟ ਨੰਬਰ-2 ਤੋਂ ਸ਼ੁਰੂ ਹੋਇਆ ਇਹ ਤਿਰੰਗਾ ਮਾਰਚ ਪ੍ਰਸ਼ਾਸਨਿਕ ਬਲਾਕ ਪਹੁੰਚ ਕੇ ਸਮਾਪਤ ਹੋਇਆ।
ਜਥੇਬੰਦੀ ਦੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਪਾਰਸ ਰਤਨ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਕਿਸਾਨੀ ਅੰਦੋਲਨ ਦੀ ਆੜ ਵਿੱਚ ਦੇਸ਼ ਵਿਰੋਧੀ ਤਾਕਤਾਂ ਨੇ ਦੇਸ਼ ਨੂੰ ਸ਼ਰਮਿੰਦਾ ਕਰਨ ਦਾ ਕੰਮ ਕੀਤਾ ਹੈ। ਇਹ ਸਭ ਕੁਝ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਕੀਤੀ ਗਈ ਸ਼ਰਾਰਤ ਹੈ। ਦੇਸ਼ ਵਿਰੋਧੀ ਗਤੀਵਿਧੀਆਂ ਲਈ ਅੰਦੋਲਨ ਦੇ ਨਾਮ ’ਤੇ ਪੰਜਾਬ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਸੰਗਠਨ ਦਾ ਜਿਸ ਤਰੀਕੇ ਨਾਲ ਨਾਂ ਲਿਆ ਜਾ ਰਿਹਾ ਹੈ, ਉਹ ਸ਼ਰਮਨਾਕ ਹੈ। ਇਕਾਈ ਮੰਤਰੀ ਰਿਸ਼ੀਕਾ ਰਾਜ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਜਿਹੇ ਵਿਦਿਆਰਥੀ ਸੰਗਠਨ ’ਤੇ ਕੈਂਪਸ ਵਿੱਚ ਪਾਬੰਦੀ ਲਗਾਈ ਜਾਵੇ।
ਪੰਜਾਬ ਦੇ ਸੂਬਾ ਮੰਤਰੀ ਕੁਦਰਤਜੋਤ ਕੌਰ ਨੇ ਕਿਹਾ ਕਿ ਇਹ ਸਿਰਫ਼ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਹੀ ਨਹੀਂ ਬਲਕਿ ਪੂਰੇ ਦੇਸ਼ ਲਈ ਸ਼ਰਮ ਦੀ ਗੱਲ ਹੈ ਕਿ ਇਕ ਵਿਦਿਆਰਥੀ ਸੰਗਠਨ ਦੇਸ਼ ਦੀ ਵੰਡ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿਦਿਆਰਥੀ ਸੰਗਠਨ ਨੇ ਜੇ.ਐਨ.ਯੂ. ਵਿਚ ਜਾਂ ਫਿਰ 15 ਅਗਸਤ, 2019 ਨੂੰ ਖਾਲਿਸਤਾਨ ਦੀ ਮੰਗ ਕਰਦਿਆਂ ਰੈਫਰੈਂਡਮ-2020 ਦੀ ਹਮਾਇਤ ਕੀਤੀ। ਗਣਤੰਤਰ ਦਿਵਸ ਦੀ ਹਿੰਸਾ ਵਿਚ ਸ਼ਾਮਲ ਹੋ ਕੇ ਇਸ ਵਿਦਿਆਰਥੀ ਸੰਗਠਨ ਨੇ ਉਸ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਜਿਸ ਕਾਰਨ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ।