ਪੱਤਰ ਪ੍ਰੇਰਕ
ਪੰਚਕੂਲਾ, 10 ਜੂਨ
ਬੌਲੀਵੁੱਡ ਅਦਾਕਾਰ ਆਮਿਰ ਖਾਨ 12 ਜੂਨ ਨੂੰ ਪੰਚਕੂਲਾ ਵਿੱਚ ਆਉਣਗੇ। ਉਨ੍ਹਾਂ ਨੂੰ ‘ਖੇਲੋ ਇੰਡੀਆ ਯੂਥ ਗੇਮਜ਼-2022’ ਵਿੱਚ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ‘ਖੇਲੋ ਇੰਡੀਆ ਖੇਡਾਂ’ ਵਿੱਚ ਸ਼ਿਰਕਤ ਕਰਦਿਆਂ ਉਹ ਦੇਸ਼ ਭਰ ਤੋਂ ਆਏ ਅਥਲੀਟਾਂ ਨੂੰ ਸੰਬੋਧਨ ਕਰਨਗੇ।
ਫ਼ਿਲਮ ‘ਦੰਗਲ’ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਆਮਿਰ ਖਾਨ ਹਰਿਆਣਾ ਦਾ ਦੌਰਾ ਕਰਨਗੇ। ਜ਼ਿਕਰਯੋਗ ਹੈ ਕਿ ਖੇਡਾਂ ਨਾਲ ਆਮਿਰ ਖਾਨ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਹਨ। ਉਹ ਖੇਡਾਂ ਦੇ ਸ਼ੌਕੀਨ ਦਰਸ਼ਕ ਹਨ। ਇਸ ਤੋਂ ਇਲਾਵਾ ਉਹ ਕਈ ਖੇਡਾਂ ਦੇ ਬਰਾਂਡ ਅੰਬੈਸਡਰ ਵੀ ਹਨ। ਹਾਲ ਹੀ ’ਚ ਆਮਿਰ ਖਾਨ ਨੂੰ ਆਈਪੀਐੱਲ ਦੇ ਫਿਨਾਲੇ ਦੀ ਮੇਜ਼ਬਾਨੀ ਕਰਦੇ ਹੋਏ ਦੇਖਿਆ ਗਿਆ ਸੀ। 2016 ਵਿੱਚ ਉਨ੍ਹਾਂ ਆਪਣੀ ਫਿਲਮ ‘ਦੰਗਲ’ ਰਾਹੀਂ ਬਬੀਤਾ ਫੌਗਾਟ ਦੀ ਕਹਾਣੀ ਦੁਨੀਆ ਸਾਹਮਣੇ ਰੱਖੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਫਿਲਮ ‘ਲਗਾਨ’ ਵੀ ਕ੍ਰਿਕਟ ਨਾਲ ਸੰਬਧਿਤ ਸੀ, ਜਿਸ ਨੂੰ ਦਰਸ਼ਕਾਂ ਤੋਂ ਕਾਫ਼ੀ ਪਿਆਰ ਮਿਲਿਆ ਸੀ।