ਪੱਤਰ ਪ੍ਰੇਰਕ
ਬਨੂੜ, 28 ਸਤੰਬਰ
ਇੱਥੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਜੰਗਪੁਰਾ ਨੇੜੇ ਅਣਪਛਾਤੇ ਵਾਹਨ ਵੱਲੋਂ ਮਾਰੀ ਫੇਟ ਕਾਰਨ ਗਰਭਵਤੀ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਸੀਮਾ (26) ਵਜੋਂ ਹੋਈ ਹੈ ਜੋ ਮੂਲ ਰੂਪ ਯੂਪੀ ਦੀ ਵਸਨੀਕ ਸੀ ਤੇ ਮੌਜੂਦਾ ਸਮੇਂ ਤੰਗੌਰੀ ਨੇੜੇ ਕਲੋਨੀ ਵਿੱਚ ਰਹਿੰਦੀ ਸੀ। ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰਪਾਲ ਸਿੰਘ ਅਨੁਸਾਰ ਸੀਮਾ ਆਪਣੇ ਪਤੀ ਭਰਤ ਸਿੰਘ ਅਤੇ ਤੰਗੌਰੀ ਦੀ ਆਸ਼ਾ ਵਰਕਰ ਨਾਲ ਆਟੋ ’ਚ ਸਵਾਰ ਹੋ ਕੇ ਗਿਆਨ ਸਾਗਰ ਹਸਪਤਾਲ ਆਪਣੇ ਚੈੱਕ-ਅੱਪ ਲਈ ਜਾ ਰਹੀ ਸੀ। ਜੰਗਪੁਰਾ ਨੇੜੇ ਮਹਿਲਾ ਨੇ ਉਲਟੀ ਕਰਨ ਲਈ ਆਟੋ ਰੁਕਵਾਇਆ। ਇਸ ਦੌਰਾਨ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਗਿਆਨ ਸਾਗਰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੀਮਾ ਦੇ ਪਤੀ ਦੇ ਬਿਆਨਾਂ ’ਤੇ ਵਾਹਨ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਲਾਸ਼ ਦਾ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚੋਂ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।