ਪੱਤਰ ਪ੍ਰੇਰਕ
ਚੰਡੀਗੜ੍ਹ, 9 ਮਾਰਚ
ਇਥੋਂ ਦੇ ਸਰਕਾਰੀ ਹਸਪਤਾਲ ਸੈਕਟਰ-32 ਵਿੱਚ ਨਵੇਂ ਐਮਰਜੈਂਸੀ ਅਤੇ ਟਰੌਮਾ ਬਲਾਕ ਦਾ ਨੀਂਹ ਪੱਥਰ ਅੱਜ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਵਰਚੁੱਅਲ ਢੰਗ ਨਾਲ ਰੱਖਿਆ। ਇਸ ਆਨਲਾਈਨ ਸਮਾਗਮ ਵਿੱਚ ਸਲਾਹਕਾਰ ਮਨੋਜ ਪਰੀਦ ਸਣੇ ਕਈ ਅਧਿਕਾਰੀ ਹਾਜ਼ਰ ਸਨ। ਕਰੀਬ ਡੇਢ ਲੱਖ ਵਰਗ ਗਜ਼ ਤੋਂ ਵੱਧ ਖੇਤਰ ਵਿੱਚ ਬਣਨ ਵਾਲੀ ਇਸ ਇਮਾਰਤ ਦੀਆਂ ਪੰਜ ਮੰਜ਼ਿਲਾਂ ਹੋਣਗੀਆਂ। ਨਵੇਂ ਐਮਰਜੈਂਸੀ ਬਲਾਕ ਵਿੱਚ 259 ਹੋਰ ਬੈੱਡਾਂ ਦੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਲੀਨੀਕਲ ਲੈਬਾਰਟਰੀਜ਼, ਐਕਸ-ਰੇਅ, ਸੀ.ਟੀ. ਸਕੈਨ, ਐਮ.ਆਰ.ਆਈ., ਮੈਡੀਕਲ ਸਟੋਰ, ਬੈਂਕ ਏ.ਟੀ.ਐਮ., ਦੋ ਐਮਰਜੈਂਸੀ ਅਪ੍ਰੇਸ਼ਨ ਥੀਏਟਰ ਅਤੇ ਮਾਈਨਰ ਅਪ੍ਰੇਸ਼ਨ ਥੀਏਟਰ, ਆਈਸੋਲੇਸ਼ਨ ਵਾਰਡ ਆਦਿ ਸਣੇ ਪਾਰਕਿੰਗ ਦੀ ਸਹੂਲਤ ਦਿੱਤੀ ਜਾਵੇਗੀ। 30 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਇਮਾਰਤ 18 ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ ਜੋ ਕਿ ਏਅਰ-ਕੰਡੀਸ਼ਨਰ, ਮੈਡੀਕਲ ਗੈਸ ਸਿਸਟਮ ਤੇ ਅੱਗ ਬੁਝਾਊ ਯੰਤਰ ਨਾਲ ਲੈਸ ਹੋਵੇਗੀ।
ਇਹ ਹਸਪਤਾਲ 1991 ਵਿੱਚ ਕਰੀਬ 36 ਏਕੜ ਜ਼ਮੀਨ ਵਿੱਚ ਉਸਾਰਿਆ ਗਿਆ ਸੀ ਜਿਥੇ ਟ੍ਰਾਈਸਿਟੀ ਵਾਸੀਆਂ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਤੋਂ ਵੀ ਮਰੀਜ਼ ਇਲਾਜ ਲਈ ਆਉਂਦੇ ਹਨ।