ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 2 ਅਕਤੂਬਰ
ਦਸਹਿਰਾ ਕਮੇਟੀ ਮੁਹਾਲੀ ਵੱਲੋਂ ਐਤਕੀਂ ਕਰੀਬ ਤਿੰਨ ਸਾਲਾਂ ਬਾਅਦ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਦੋਂਕਿ ਇਸ ਤੋਂ ਪਿਛਲੇ ਸਾਲਾਂ ਦੌਰਾਨ ਕਰੋਨਾ ਮਹਾਮਾਰੀ ਕਾਰਨ ਸਿਹਤ ਵਿਭਾਗ ਦੀਆਂ ਪਾਬੰਦੀਆਂ ਕਰ ਕੇ ਸੀਮਿਤ ਜਿਹਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ।
ਇੱਥੇ ਮੇਰਠ ਦਾ ਇਕ ਪਰਿਵਾਰ ਦਸਹਿਰੇ ਲਈ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਬਣਾਉਣ ’ਚ ਜੁੱਟਿਆ ਹੋਇਆ ਹੈ। ਪੁਤਲੇ ਤਿਆਰ ਕਰ ਰਹੇ ਇੱਕ ਕਾਰੀਗਰ ਸ਼ਾਨੂ ਰਾਣਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਬਣਾ ਰਿਹਾ ਹੈ। ਉਸ ਦੇ ਪਿਤਾ ਬਿਆਸੂਦੀਨ ਵੀ ਇਸ ਕੰਮ ਵਿੱਚ ਉਸ ਦਾ ਹੱਥ ਵਟਾਉਂਦੇ ਹਨ ਜਦੋਂਕਿ ਇਸ ਤੋਂ ਪਹਿਲਾਂ ਉਸ ਦੇ ਦਾਦਾ ਅਬਦੁਲ ਅਜ਼ੀਜ਼ ਵੀ ਇਹ ਕੰਮ ਕਰਦੇ ਸਨ। ਸ਼ਾਨੂ ਰਾਣਾ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਉਹ ਸ਼ੌਕ ਵਜੋਂ ਘੁੰਮਣ ਫਿਰਨ ਲਈ ਮੁਹਾਲੀ ਤੇ ਚੰਡੀਗੜ੍ਹ ਆਇਆ ਸੀ ਅਤੇ ਮੁਹਾਲੀ ਵਿੱਚ ਆਪਣੇ ਪਿਤਾ ਨੂੰ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਬਣਾਉਂਦੇ ਦੇਖ ਕੇ ਹੌਲੀ-ਹੌਲੀ ਉਸ ਨੇ ਵੀ ਪੁਤਲੇ ਬਣਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੀ ਟੀਮ ਵੱਲੋਂ ਰੋਜ਼ਾਨਾ ਕਰੀਬ 18-18 ਘੰਟੇ ਲਗਾਤਾਰ ਕੰਮ ਕਰ ਕੇ ਰਾਵਣ ਦਾ 65 ਫੁੱਟ ਅਤੇ ਕੁੰਭਕਰਨ ਤੇ ਮੇਘਨਾਦ ਦੇ 60-60 ਫੁੱਟ ਉੱਚੇ ਪੁਤਲੇ ਬਣਾਏ ਜਾ ਰਹੇ ਹਨ। ਲਗਪਗ ਸਾਰੇ ਪੁਤਲੇ ਬਣ ਕੇ ਤਿਆਰ ਹੋ ਗਏ ਹਨ ਅਤੇ ਇਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਨ੍ਹਾਂ ਨੂੰ ਬਣਾਉਣ ’ਤੇ ਕਰੀਬ ਪੰਜ ਲੱਖ ਰੁਪਏ ਖ਼ਰਚਾ ਆਇਆ ਹੈ।
ਦਸਹਿਰੇ ਤੋਂ ਇੱਕ ਦਿਨ ਪਹਿਲਾਂ ਇਨ੍ਹਾਂ ਪੁਤਲਿਆਂ ਨੂੰ ਦਸਹਿਰਾ ਗਰਾਊਂਡ ’ਚ ਖੜ੍ਹਾ ਕਰ ਦਿੱਤਾ ਜਾਵੇਗਾ। ਪੇਂਟਰ ਸਰਜਲ ਅਲੀ ਨੇ ਦੱਸਿਆ ਕਿ ਪਹਿਲਾਂ ਅਕਸਰ ਕੱਚੇ ਰੰਗ ਨਾਲ ਪੁਤਲਿਆਂ ਨੂੰ ਸਜਾਇਆ ਜਾਂਦਾ ਸੀ ਪ੍ਰੰਤੂ ਇਸ ਵਾਰ ਮੌਸਮ ਨੂੰ ਦੇਖਦੇ ਹੋਏ ਚੰਗੀ ਕੰਪਨੀ ਦੇ ਵਧੀਆ ਰੰਗ ਵਰਤੇ ਜਾ ਰਹੇ ਹਨ ਤਾਂ ਜੋ ਬਾਰਿਸ਼ ਹੋਣ ’ਤੇ ਵੀ ਪੁਤਲਿਆਂ ਦਾ ਰੰਗ ਫਿੱਕਾ ਨਾ ਪਵੇ। ਦਸਹਿਰਾ ਕਮੇਟੀ ਦੇ ਪ੍ਰਧਾਨ ਮਧੂ ਭੂਸ਼ਨ ਨੇ ਦੱਸਿਆ ਕਿ ਇੱਥੋਂ ਦੇ ਫੇਜ਼-8 ਸਥਿਤ ਪੁੱਡਾ ਗਰਾਊਂਡ ਵਿੱਚ ਦਸਹਿਰਾ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦਸਹਿਰਾ ਸਮਾਗਮ ’ਚ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਮੁੱਖ ਮਹਿਮਾਨ ਹੋਣਗੇ।