ਮੁਕੇਸ਼ ਕੁਮਾਰ
ਚੰਡੀਗੜ੍ਹ, 4 ਜੁਲਾਈ
ਇੱਥੇ ਸੈਕਟਰ 13 ਮਨੀਮਾਜਰਾ ਸਥਿਤ ਆਈਟੀ ਪਾਰਕ ਨੇੜੇ ਜੰਗਲੀ ਇਲਾਕੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਇਲਾਕੇ ਵਿੱਚ ਧੂੰਆਂ ਫੈਲ ਗਿਆ। ਇਸ ਸਬੰਧੀ ਸੂਚਨਾ ਮਿਲਣ ’ਤੇ ਫਾਇਰ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਲਗਪਗ 11 ਵਜੇ ਇੱਥੇ ਆਈਟੀ ਪਾਰਕ ਦੇ ਨੇੜਲੇ ਜੰਗਲੀ ਇਲਾਕੇ ਵਿੱਚ ਅਚਾਨਕ ਅੱਗ ਲੱਗ ਗਈ। ਮੌਕੇ ’ਤੇ ਪਹੁੰਚੀਆਂ ਅੱਗ ਬੁਝਾਊ ਗੱਡੀਆਂ ਨੇ ਲਗਪਗ ਪੌਣੇ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ ਅਤੇ ਅੱਗ ਦਾ ਆਸਪਾਸ ਦੇ ਇਲਾਕੇ ਵਿੱਚ ਫੈਲਣ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਇੱਥੇ ਜੰਗਲੀ ਇਲਾਕੇ ਵਿੱਚ ਸੁੱਕੀ ਘਾਹ ਅਤੇ ਹੋਰ ਬਾਗ਼ਬਾਨੀ ਦੀ ਰਹਿੰਦ ਖੂੰਹਦ ਨੂੰ ਅੱਗ ਲੱਗੀ ਸੀ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਮੁੱਢਲੇ ਤੌਰ ’ਤੇ ਇੱਥੇ ਸੁੱਕੇ ਘਾਹ ਵਿੱਚ ਕਿਸੇ ਵੱਲੋਂ ਸਿਗਰਟ ਜਾਂ ਬੀੜੀ ਸੁੱਟਣ ਤੋਂ ਬਾਅਦ ਅੱਗ ਲੱਗੀ ਹੋ ਸਕਦੀ ਹੈ। ਸ਼ਹਿਰ ਵਿੱਚ ਬਾਗ਼ਬਾਨੀ ਵਿਭਾਗ ਵੱਲੋਂ ਰਹਿੰਦ-ਖੂੰਹਦ ਨੂੰ ਚੰਗੀ ਤਰ੍ਹਾਂ ਨਾਲ ਟਿਕਾਣੇ ਨਹੀਂ ਲਗਾਇਆ ਜਾ ਰਿਹਾ ਅਤੇ ਹਨੇਰੀ ਆਉਣ ਤੋਂ ਬਾਅਦ ਟੁੱਟੇ ਦਰੱਖ਼ਤਾਂ ਦੀ ਰਹਿੰਦ ਖੂੰਹਦ ਤੇ ਪੱਤੇ ਖਾਲੀ ਪਾਏ ਜਨਤਕ ਥਾਵਾਂ ’ਤੇ ਡੰਪ ਕੀਤੇ ਜਾ ਰਹੇ ਹਨ।
ਇਸ ਰਹਿੰਦ ਖੂਹੰਦ ਨੂੰ ਸੁੱਕਣ ਤੋਂ ਬਾਅਦ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਦੇ ਕੋਲ ਦਰਖਤਾਂ ਦੇ ਪੱਤਿਆਂ ਨੂੰ ਡੰਪ ਕਰਨ ਲਈ ਕੋਈ ਵੀ ਵਿਵਸਥਾ ਨਹੀਂ ਹੈ ਜਿਸ ਕਾਰਨ ਨਿਗਮ ਵੱਲੋਂ ਇਸ ਰਹਿੰਦ-ਖੂੰਹਦ ਨੂੰ ਖਾਲੀ ਜਨਤਕ ਥਾਵਾਂ ’ਤੇ ਡੰਪ ਕੀਤਾ ਜਾ ਰਿਹਾ ਹੈ।
ਜਨਤਕ ਥਾਵਾਂ ’ਤੇ ਨਹੀਂ ਸੁੱਟੀ ਜਾ ਰਹੀ ਰਹਿੰਦ-ਖੂੰਹਦ: ਐੱਸਈ
ਚੰਡੀਗੜ੍ਹ ਨਗਰ ਨਿਗਮ ਦੇ ਬਾਗ਼ਬਾਨੀ ਵਿਭਾਗ ਦੇ ਐੱਸਈ ਕਿਸ਼ਨਪਾਲ ਸਿੰਘ ਨੇ ਦੱਸਿਆ ਕਿ ਬਾਗ਼ਬਾਨੀ ਵਿਭਾਗ ਵੱਲੋਂ ਰਹਿੰਦ-ਖੂੰਹਦ ਜਨਤਕ ਥਾਵਾਂ ’ਤੇ ਨਹੀਂ ਸੁੱਟੀ ਜਾ ਰਹੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਕੋਲ ਪੂਰੇ ਸ਼ਹਿਰ ਵਿੱਚ ਅੱਠ ਆਪਣੇ ਸਟੋਰ ਹਨ ਅਤੇ ਇਨ੍ਹਾਂ ਵਿੱਚ ਹੀ ਬਾਗ਼ਬਾਨੀ ਦੀ ਰਹਿੰਦ-ਖੂੰਹਦ ਇਕੱਠੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਈਟੀ ਪਾਰਕ ਦਾ ਖੇਤਰ ਪ੍ਰਸ਼ਾਸਨ ਅਧੀਨ ਆਉਂਦਾ ਹੈ, ਇਸ ਬਾਰੇ ਉਹ ਕੋਈ ਬਿਆਨ ਨਹੀਂ ਦੇ ਸਕਦੇ।
ਸੈਕਟਰ 35 ਦੇ ਘਰ ਵਿੱਚ ਅੱਗ ਲੱਗੀ
ਇੱਥੋਂ ਦੇ ਸੈਕਟਰ 35 ਸਥਿਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਕਲੋਨੀ ਦੇ ਇੱਕ ਮਕਾਨ ਵਿੱਚ ਅੱਗ ਗਈ। ਜਾਣਕਾਰੀ ਅਨੁਸਾਰ ਕਲੋਨੀ ਦੇ ਮਕਾਨ ਨੰਬਰ 1352 ਵਾਸੀ ਪਰਿਵਾਰ ਛੁੱਟੀਆਂ ਮਨਾਉਣ ਲਈ ਮਨਾਲੀ ਗਿਆ ਹੋਇਆ ਸੀ ਅਤੇ ਪਿੱਛੋਂ ਇਹ ਘਟਨਾ ਵਾਪਰ ਗਈ। ਜਾਣਕਾਰੀ ਅਨੁਸਾਰ ਖਾਲੀ ਪਏ ਮਕਾਨ ਵਿੱਚੋਂ ਧੂੰਆਂ ਨਿਕਲਦਾ ਦੇਖਕੇ ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀਆਂ ਵਿਭਾਗ ਦੀਆਂ ਦੋ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ।