ਜਗਮੋਹਨ ਸਿੰਘ
ਰੂਪਨਗਰ/ਘਨੌਲੀ, 5 ਅਕਤੂਬਰ
ਅੱਜ ਤੜਕੇ 12.30 ਵਜੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਅੰਦਰ ਕੋਲਾ ਪਲਾਂਟ ਦੇ ਬਿਲਕੁਲ ਨੇੜੇ ਸਥਿਤ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ। ਇਸ ਕਾਰਨ 10 ਝੁੱਗੀਆਂ ਤੋਂ ਇਲਾਵਾ ਸਵਿਫਟ ਕਾਰ, ਮੋਟਰਸਾਈਕਲ, ਬੱਚਿਆਂ ਦੇ ਸਾਈਕਲ, ਕਿਤਾਬਾਂ, ਮਜ਼ਦੂਰਾਂ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਰਾਖ ਹੋ ਗਿਆ। ਅੱਗ ਲੱਗਣ ਦਾ ਅਸਲ ਕਾਰਨ ਦਾ ਪਤਾ ਨਹੀਂ ਲੱਗਿਆ ਪਰ ਅੱਗ ਕਾਰਨ ਸੜੀ ਸਵਿਫਟ ਕਾਰ ਦੇ ਮਾਲਕ ਸੱਤਿਆ ਪ੍ਰਕਾਸ਼ ਯਾਦਵ ਨੇ ਕਿਹਾ ਕਿ ਕਿਸੇ ਸ਼ਰਾਰਤੀ ਨੇ ਜਾਣ ਬੁੱਝ ਕੇ ਉਸ ਦੀ ਕਾਰ ਨੂੰ ਅੱਗ ਲਗਾਈ ਹੈ, ਜਿਸ ਕਾਾਰਨ ਕਾਰ ਸਮੇਤ ਹੋਰ ਮਜ਼ਦੂਰਾਂ ਦੀਆਂ ਝੁੱਗੀਆਂ ਦਾ ਵੀ ਨੁਕਸਾਨ ਹੋ ਗਿਆ।
ਉਸ ਨੇ ਦੱਸਿਆ ਕਿ ਅੱਗ ਉਸ ਦੀ ਕਾਰ ਦੇ ਨੇੜਿਉਂ ਹੀ ਸ਼ੁਰੂ ਹੋਈ, ਜੋ ਹੌਲੀ ਹੌਲੀ ਅੱਗੇ ਵਧਦੀ ਗਈ। ਸੱਤਿਆਪ੍ਰਕਾਸ਼ ਨੇ ਹਾਲੇ ਕੁੱਝ ਸਮਾਂ ਪਹਿਲਾਂ ਹੀ ਕਾਰ ਬਾਜ਼ਾਰ ਲੁਧਿਆਣਾ ਤੋਂ ਇਹ ਕਾਰ ਖਰੀਦੀ ਸੀ, ਜਿਸ ਦੀ ਐੱਨਓਸੀ ਲੈਣ ਉਪਰੰਤ ਰਜਿਸਟਰੇਸ਼ਨ ਤਬਦੀਲ ਕਰਵਾਉਣ ਸਬੰਧੀ ਦਸਤਾਵੇਜ਼ ਆਰਟੀਓ ਦਫਤਰ ਵਿੱਚ ਜਮ੍ਹਾਂ ਕਰਵਾਏ ਹੋਏ ਹਨ। ਅੱਗ ਦੀ ਸੂਚਨਾ ਮਿਲਣ ਉਪਰੰਤ ਥਰਮਲ ਪਲਾਂਟ ਰੂਪਨਗਰ ਦੀ ਚਾਰ ਅੱਗ ਬੁਝਾਊ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਂਦਿਆਂ ਹੋਇਆਂ ਬੜੀ ਮੁਸ਼ਕਲ ਨਾਲ ਥਰਮਲ ਪਲਾਂਟ ਦੇ ਕੋਲਾ ਭੰਡਾਰ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾਇਆ, ਜਿਸ ਥਾਂ ਅੱਗ ਲੱਗੀ ਹੈ, ਉਹ ਝੁੱਗੀਆਂ ਥਰਮਲ ਪਲਾਂਟ ਦੇ ਕੋਲਾ ਭੰਡਾਰ ਦੇ ਬਿਲਕੁਲ ਨਜ਼ਦੀਕ ਹਨ ਅਤੇ ਕੋਲਾ ਭੰਡਾਰ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਵੱਡਾ ਨੁਕਸਾਨ ਹੋ ਸਕਦਾ ਸੀ।