ਪੱਤਰ ਪ੍ਰੇਰਕ
ਚੰਡੀਗੜ੍ਹ, 9 ਜਨਵਰੀ
ਇੱਥੋਂ ਦੇ ਸੈਕਟਰ 16 ਸਥਿਤ ਜੀ.ਐੱਮ.ਐੱਸ.ਐੱਚ. ਹਸਪਤਾਲ ਵਿੱਚ ਬੀਤੀ ਦੇਰ ਰਾਤ ਆਕਸੀਜਨ ਜੈਨਰੇਸ਼ਨ ਪਲਾਂਟ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਪਲਾਂਟ ਦਾ ਅਲਾਰਮ ਵੱਜਣ ’ਤੇ ਲੱਗਿਆ ਜਿਸ ਦੌਰਾਨ ਹਸਪਤਾਲ ਵਿੱਚ ਤਾਇਨਾਤ ਸੁਰੱਖਿਆ ਗਾਰਡਾਂ ਨੇ ਤੁਰੰਤ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਨਾਲ ਅੱਗ ਉੱਤੇ ਕਾਬੂ ਪਾ ਲਿਆ। ਅੱਗ ਨਾਲ ਨਾ ਤਾਂ ਪਲਾਂਟ ਵਿੱਚ ਕੋਈ ਵੱਡਾ ਨੁਕਸਾਨ ਹੋਇਆ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਹੈ। ਅੱਗ ਲੱਗਣ ਦਾ ਕਾਰਨ ਫਿਲਹਾਲ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਮੰਨਿਆ ਜਾ ਰਿਹਾ ਹੈ।
ਆਕਸੀਜਨ ਪਲਾਂਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਅੱਜ ਯੂ.ਟੀ. ਸਿਹਤ ਵਿਭਾਗ ਦੇ ਸਕੱਤਰ ਯਸ਼ਪਾਲ ਗਰਗ ਨੇ ਹਸਪਤਾਲ ਪ੍ਰਬੰਧਨ ਅਤੇ ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨਾਲ ਹਸਪਤਾਲ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੀ.ਕੇ. ਨਾਗਪਾਲ ਤੋਂ ਵੀ ਜਾਣਕਾਰੀ ਲਈ। ਮੇਂਟੀਨੈਂਸ ਕੰਪਨੀ ਦੇ ਇੰਜਨੀਅਰਾਂ ਨੇ ਪਲਾਂਟ ਵਿੱਚ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲਿਆ।
ਪ੍ਰਸ਼ਾਸਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਫਿਲਹਾਲ ਆਕਸੀਜਨ ਜੈਨਰੇਸ਼ਨ ਪਲਾਂਟ ਬੰਦ ਕਰ ਦਿੱਤਾ ਗਿਆ ਹੈ। ਪਲਾਂਟ ਵਿੱਚ ਯੂ.ਪੀ.ਐੱਸ., ਜੰਕਸ਼ਨ ਬਾਕਸ ਅਤੇ ਕੁਝ ਪਾਈਪਾਂ ਨੂੰ ਬਦਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬਿਜਲੀ ਦੀਆਂ ਟੁੱਟੀਆਂ ਹੋਈਆਂ ਤਾਰਾਂ ਆਦਿ ਨੂੰ ਵੀ ਬਦਲਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਨੁਕਸਾਨੇ ਗਏ ਉਪਕਰਨਾਂ ਦੀ ਮੁਰੰਮਤ ਕਰਨ ਜਾਂ ਉਨ੍ਹਾਂ ਨੂੰ ਬਦਲਣ ਤੋਂ ਬਾਅਦ ਪਲਾਂਟ ਦੁਬਾਰਾ ਚਾਲੂ ਕੀਤਾ ਜਾਵੇਗਾ।