ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 27 ਸਤੰਬਰ
ਚੰਡੀਗੜ੍ਹ ਸਕੂਲ ਆਫ ਪੋਇਟਰੀ ਕ੍ਰਿਟੀਸਿਜ਼ਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਡਾ. ਅੰਬਰੀਸ਼ ਦੀ ਨਵੀਂ ਕਵਿਤਾ ਪੁਸਤਕ ‘ਸਦਾ ਇੰਝ ਹੀ’ ਉੱਤੇ ਚਰਚਾ ਕਰਵਾਈ। ਇਸ ਮੌਕੇ ਡਾ. ਯੋਗ ਰਾਜ ਨੇ ਦੱਸਿਆ ਕਿ ਹੁਣ ਤੱਕ ਡਾ. ਅੰਬਰੀਸ਼ ਛੇ ਕਾਵਿ-ਸੰਗ੍ਰਹਿ ਅਤੇ ਇਕ ਸਫਰਨਾਮਾ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਕਵਿਤਾਵਾਂ ਹਿੰਦੀ, ਅੰਗਰੇਜ਼ੀ ਤੇ ਮਲਿਆਲਮ ’ਚ ਅਨੁਵਾਦ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨੀ ਸੰਜੀਦਗੀ ਨਾਲ ਡਾ. ਅੰਬਰੀਸ਼ ਦੀ ਚਰਚਾ ਹੋਣੀ ਚਾਹੀਦੀ ਸੀ, ਨਹੀਂ ਹੋਈ। ਇਸ ਚਰਚਾ ਲਈ ਸਾਡੇ ਉਪਰਾਲੇ ਜਾਰੀ ਰਹਿਣਗੇ। ਅੰਬਰੀਸ਼ ਦੀ ਹਰ ਕਵਿਤਾ ਵਿਚ ਸੰਗੀਤ ਹੁੰਦਾ ਹੈ।
ਡਾ. ਪਰਵੀਨ ਨੇ ਕਿਹਾ ਕਿ ਡਾ. ਅੰਬਰੀਸ਼ ਨਵੇਂ ਯੁੱਗ ਦੀ ਕਵਿਤਾ ਲਿਖਦਾ ਹੈ। ਇਹ ਕਵਿਤਾ ਪੜ੍ਹ ਕੇ ਡਾ. ਹਰਿਭਜਨ ਸਿੰਘ ਦੀ ਯਾਦ ਆਉਂਦੀ ਹੈ। ਹਰਮੇਲ ਸਿੰਘ ਨੇ ਕਿਹਾ ਕਿ ਇਨਾਂ ਕਵਿਤਾਵਾਂ ਵਿੱਚ ਪ੍ਰਕਿਰਤੀ ਨੂੰ ਵੇਖਣ ਦਾ ਨਵਾਂ ਨਜ਼ਰੀਆ ਮਿਲਦਾ ਹੈ। ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਹਾਜ਼ਰੀਨ ਗੁਲ ਚੌਹਾਨ, ਕਹਾਣੀਕਾਰ ਬਲੀਜੀਤ, ਜਗਦੀਪ ਸਿੱਧੂ, ਸ਼ਾਇਰ ਭੁਪਿੰਦਰ ਪ੍ਰੀਤ, ਸੁਰਜੀਤ ਸੁਮਨ ਤੇ ਵਿਭਾਗ ਦੇ ਸਮੂਹ ਸਰੋਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।