ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਗਸਤ
ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਇਕ ਮਹਿਲਾ ਨੇ ਹਵਾਈ ਉਡਾਣ ਭਰਨ ਵੇਲੇ ਖਾਸਾ ਹੰਗਾਮਾ ਕੀਤਾ ਜਿਸ ਕਾਰਨ ਚੰਡੀਗੜ੍ਹ ਤੋਂ ਦੁਬਈ ਜਾਣ ਵਾਲੀ ਉਡਾਣ ਦੋ ਘੰਟੇ ਦੀ ਦੇਰੀ ਨਾਲ ਉੱਡੀ। ਹਵਾਈ ਅੱਡਾ ਅਥਾਰਿਟੀ ਨੇ ਚੌਕਸੀ ਵਜੋਂ ਸਾਰੇ ਯਾਤਰੀਆਂ ਦਾ ਸਾਮਾਨ ਦੁਬਾਰਾ ਚੈਕ ਕੀਤਾ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਇੰਡੀਗੋ ਦੀ (ਨੰਬਰ-6 ਈ55) ਚੰਡੀਗੜ੍ਹ ਤੋਂ ਦੁਬਈ ਜਾਣ ਵਾਲੀ ਉਡਾਣ 5.40 ਵਜੇ ਉਡਣੀ ਸੀ ਤੇ ਹਵਾਈ ਜਹਾਜ਼ ਵਿਚ ਯਾਤਰੀ ਸੀਟਾਂ ’ਤੇ ਬੈਠ ਰਹੇ ਸਨ ਕਿ ਇਕ ਔਰਤ ਨੇ ਆਪਣਾ ਸਾਮਾਨ ਸੀਟਾਂ ਵਿਚਕਾਰ ਰੱਖ ਦਿੱਤਾ ਜਦੋਂਕਿ ਇਹ ਸਾਮਾਨ ਕੈਬਿਨ ਬਾਕਸ ਵਿਚ ਰੱਖਣਾ ਬਣਦਾ ਸੀ। ਔਰਤ ਦੇ ਬੈਗ ਨੂੰ ਹਵਾਈ ਜਹਾਜ਼ ਦੇ ਸਟਾਫ ਨੇ ਹਟਾਉਣ ਲਈ ਕਿਹਾ ਪਰ ਉਹ ਨਾ ਮੰਨੀ, ਇਸ ਤੋਂ ਬਾਅਦ ਹਵਾਈ ਅੱਡੇ ਦਾ ਹੋਰ ਸਟਾਫ ਵੀ ਆਇਆ ਪਰ ਔਰਤ ਨੇ ਸਾਮਾਨ ਹਟਾਉਣ ਤੋਂ ਤੈਸ਼ ਵਿਚ ਆ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸੀਪੀਆਰਐਫ ਨੂੰ ਸੱਦਿਆ ਗਿਆ ਪਰ ਔਰਤ ਨਾ ਮੰਨੀ। ਇਸ ਉਡਾਣ ਵਿਚ ਸਵਾਰ ਯਾਤਰੀ ਵਿਸ਼ਾਲ ਕਟਾਰੀਆ ਨੇ ਦੱਸਿਆ ਕਿ ਹਵਾਈ ਅੱਡੇ ਦੇ ਸਟਾਫ ਨੇ ਔਰਤ ਨੂੰ ਸਾਮਾਨ ਹਟਾਉਣ ਲਈ ਬੇਨਤੀ ਕੀਤੀ ਤੇ ਹਰ ਹੀਲਾ ਵਰਤਿਆ ਪਰ ਔਰਤ ਨੇ ਕਿਸੇ ਦੀ ਨਹੀਂ ਸੁਣੀ ਤੇ ਚੀਕ ਚਿਹਾੜਾ ਪਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਉਡਾਣ ਵਿਚ ਬਜ਼ੁਰਗ ਵੀ ਸਵਾਰ ਸਨ ਜਿਨ੍ਹਾਂ ਨੂੰ ਖਾਸੀ ਪ੍ਰੇਸ਼ਾਨੀ ਹੋਈ। ਇਸ ਤੋਂ ਬਾਅਦ ਸੁਰੱਖਿਆ ਅਮਲੇ ਨੇ ਔਰਤ ਦਾ ਸਾਮਾਨ ਜਹਾਜ਼ ਤੋਂ ਲਾਹ ਦਿੱਤਾ। ਇਸ ਤੋਂ ਬਾਅਦ ਸੁਰੱਖਿਆ ਅਮਲੇ ਨੇ ਸਾਰੇ ਯਾਤਰੀਆਂ ਦਾ ਸਾਮਾਨ ਦੁਬਾਰਾ ਚੈਕ ਕੀਤਾ ਤੇ ਮਾਮਲੇ ਦੀ ਘੋਖ ਕਰਨ ਤੋਂ ਬਾਅਦ ਹੀ ਉਡਾਣ ਭਰਨ ਦੀ ਇਜਾਜ਼ਤ ਦਿੱਤੀ। ਇਹ ਵੀ ਪਤਾ ਲੱਗਾ ਹੈ ਕਿ ਔਰਤ ਨਾਲ ਉਸ ਦੇ ਮਾਪੇ ਵੀ ਸਨ।
ਹੰਗਾਮਾ ਕਰਨ ਵਾਲੇ ਤਿੰਨ ਜਣੇ ਸੀਆਈਐਸਐਫ ਨੂੰ ਸੌਂਪੇ: ਸੀਈਓ
ਮੁਹਾਲੀ ਹਵਾਈ ਅੱਡੇ ਦੇ ਸੀਈਓ ਰਾਕੇਸ਼ ਰੰਜਨ ਸਹਾਏ ਨੇ ਦੱਸਿਆ ਕਿ ਇੰਡੀਗੋ ਦੀ ਉਡਾਣ ਵਿਚ ਹੰਗਾਮਾ ਕਰਨ ਦੇ ਦੋਸ਼ ਹੇਠ ਔਰਤ ਤੇ ਉਸ ਦੇ ਨਾਲ ਦੋ ਬਜ਼ੁਰਗਾਂ ਨੂੰ ਸੀਆਈਐਸਐਫ ਹਵਾਲੇ ਕਰ ਦਿੱਤਾ ਗਿਆ ਹੈ। ਉਹ ਮਾਮਲੇ ਦੀ ਜਾਂਚ ਕਰ ਕੇ ਪੁਲੀਸ ਨੂੰ ਸੂਚਿਤ ਕਰਨਗੇ ਤੇ ਉਸ ਤੋਂ ਬਾਅਦ ਪੁਲੀਸ ਬਣਦੀ ਕਾਰਵਾਈ ਕਰੇਗੀ।