ਸਕੂਲ ਖੁੱਲ੍ਹਣ ਤੋਂ ਬਾਅਦ ਵੀ ‘ਛੁੱਟੀ’ ਵਰਗਾ ਮਾਹੌਲ

ਸਕੂਲ ਖੁੱਲ੍ਹਣ ਤੋਂ ਬਾਅਦ ਵੀ ‘ਛੁੱਟੀ’ ਵਰਗਾ ਮਾਹੌਲ

ਕਰੋਨਾ ਮਹਾਮਾਰੀ ਦੌਰਾਨ ਸੋਮਵਾਰ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 46 ’ਚ ਹਾਜ਼ਰੀ ਲਗਵਾ ਕੇ ਬਾਹਰ ਆਊਂਦੇ ਹੋਏ ਵਿਦਿਆਰਥੀ। -ਫੋਟੋ: ਮਨੋਜ ਮਹਾਜਨ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 21 ਸਤੰਬਰ

ਕੇਂਦਰ ਦੀਆਂ ਹਦਾਇਤਾਂ ਤੋਂ ਬਾਅਦ ਅੱਜ ਸ਼ਹਿਰ ਦੇ ਸਰਕਾਰੀ ਸਕੂਲ ਖੁੱਲ੍ਹ ਗਏ। ਪਰ ਵਿਦਿਆਰਥੀਆਂ ਦੀ ਗਿਣਤੀ ਨਾਮਾਤਰ ਹੀ ਰਹੀ। 90 ਸਰਕਾਰੀ ਸਕੂਲਾਂ ’ਚ ਸਿਰਫ 950 ਵਿਦਿਆਰਥੀ ਹਾਜ਼ਰ ਹੋਏ ਜਦਕਿ ਜ਼ਿਆਦਾਤਰ ਮੋਹਰੀ ਪ੍ਰਾਈਵੇਟ ਸਕੂਲ ਅੱਜ ਨਹੀਂ ਖੁੱਲ੍ਹੇ ਤੇ ਕਈ ਪ੍ਰਾਈਵੇਟ ਸਕੂਲਾਂ ਵਿਚ ਸੀਮਤ ਗਿਣਤੀ ਵਿਚ ਵਿਦਿਆਰਥੀ ਸਿਰਫ ਆਪਣੇ ਸ਼ੰਕੇ ਦੂਰ ਕਰਨ ਲਈ ਹੀ ਆਏ। ਸਿੱਖਿਆ ਸਕੱਤਰ ਤੇ ਹੋਰ ਉੱਚ ਅਧਿਕਾਰੀਆਂ ਨੇ ਸਕੂਲਾਂ ਵਿਚ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਯੂਟੀ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਬੱਚਿਆਂ ਨੂੰ ਸਕੂਲ ਭੇਜਣ ਲਈ ਸਹਿਮਤੀ ਮੰਗੀ ਸੀ ਤੇ ਅੱਜ ਸਹਿਮਤੀ ਦੇਣ ਵਾਲੇ ਮਾਪਿਆਂ ਦੇ ਬੱਚੇ ਹੀ ਸਕੂਲ ਆਪਣੇ ਸਿਲੇਬਸ ਨਾਲ ਸਬੰਧਤ ਸਵਾਲਾਂ ਦੇ ਜਵਾਬ ਹਾਸਲ ਕਰਨ ਆਏ। ਮੋਹਰੀ ਪ੍ਰਾਈਵੇਟ ਸਕੂਲਾਂ ਵਲੋਂ ਅਕਤੂਬਰ ਦੇ ਪਹਿਲੇ ਹਫਤੇ ਵਿਦਿਆਰਥੀਆਂ ਨੂੰ ਸਕੂਲ ਸੱਦਣ ਦੀ ਯੋਜਨਾ ਹੈ ਕਿਉਂਕਿ 22 ਸਤੰਬਰ ਤੋਂ ਦਸਵੀਂ ਤੇ ਬਾਰ੍ਹਵੀਂ ਬੋਰਡ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਅੱਜ ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-15 ਤੇ ਹੋਰ ਸਕੂਲਾਂ ਵਿਚ ਪੁੱਜੇ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਅਲਕਾ ਮਹਿਤਾ ਨੇ ਦੱਸਿਆ ਕਿ ਇਹ ਟੀਮਾਂ ਰੋਜ਼ਾਨਾ ਸ਼ਾਮ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਰਿਪੋਰਟ ਪੇਸ਼ ਕਰਨਗੀਆਂ ਤੇ ਉਸੇ ਆਧਾਰ ’ਤੇ ਭਵਿੱਖ ਵਿਚ ਸਕੂਲ ਖੋਲ੍ਹਣ ਦੀ ਯੋਜਨਾ ਤਿਆਰ ਕੀਤੀ ਜਾਵੇਗੀ ਪਰ ਇਸ ਸਬੰਧੀ ਕੇਂਦਰ ਤੇ ਸਿਹਤ ਮੰਤਰਾਲੇ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇਗਾ।  

ਸੱਤ ਟੀਮਾਂ ਨੇ ਸਕੂਲਾਂ ਵਿਚ ਕੀਤੀ ਜਾਂਚ 

ਯੂਟੀ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਪ੍ਰਬੰਧਾਂ ਦੀ ਜਾਂਚ ਲਈ ਸੱਤ ਅਧਿਕਾਰੀਆਂ ਦੀ ਅਗਵਾਈ ਹੇਠ ਕਮੇਟੀਆਂ ਬਣਾਈਆਂ ਹਨ ਜੋ ਸਕੂਲਾਂ ਵਿਚ ਜਾ ਕੇ ਕਰੋਨਾ ਤੋਂ ਬਚਾਅ ਲਈ ਪ੍ਰਬੰਧ ਰੋਜ਼ਾਨਾ ਜਾਂਚਣਗੀਆਂ। ਐਸਸੀਈਆਰਟੀ ਦੇ ਡਾਇਰੈਕਟਰ ਸੁਰਿੰਦਰ ਦਹੀਆ ਨੇ ਕਲੱਸਟਰ ਦੋ ਤੇ ਅੱਠ ਦੇ ਸਕੂਲਾਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਸਟੇਟ ਤਾਲਮੇਲ ਅਫਸਰ ਬਿਕਰਮ ਰਾਣਾ ਨੇ ਕਲੱਸਟਰ ਤਿੰਨ ਤੇ ਦਸ, ਡਿਪਟੀ ਡਾਇਰੈਕਟਰ ਅਲਕਾ ਮਹਿਤਾ ਨੇ ਕਲੱਸਟਰ ਚਾਰ,ਛੇ, ਸੱਤ ਤੇ ਗਿਆਰਾਂ, ਏਡੀਏਈ ਸੁਨੀਲ ਬੇਦੀ ਨੇ 1,13 ਤੇ 19, ਏਡੀਏਈ ਅਨੀਤਾ ਸ਼ਰਮਾ ਨੇ 14, 18 ਤੇ 20, ਡਿਪਟੀ ਡੀਈਓ ਰਵਿੰਦਰ ਕੌਰ ਨੇ 5, 9 ਤੇ 15 ਦਾ ਜਾਇਜ਼ਾ ਲਿਆ। ਇਹ ਵੀ ਪਤਾ ਲੱਗਾ ਹੈ ਕਿ ਨਗਰ ਨਿਗਮ ਦੇ ਮੈਡੀਕਲ ਹੈਲਥ ਵਿਭਾਗ ਨੇ ਸਕੂਲ ਦੇ ਅਧਿਆਪਕਾਂ ਨੂੰ ਸੈਨੇਟਾਈਜ਼ ਕਰਨ ਦੀ ਸਿਖਲਾਈ ਦਿੱਤੀ।

ਬੋਰਡ ਵਾਲੀਆਂ ਜਮਾਤਾਂ ਦੇ ਵਿਦਿਆਰਥੀ ਹੀ ਸੱਦੇ

ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਅੱਜ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹੀ ਸੱਦੇ ਗਏ ਜਦਕਿ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਦੂਜੇ ਪੜਾਅ ਹੇਠ ਤੇ ਨੌਵੀਂ ਜਮਾਤ ਦੇ ਵਿਦਿਆਰਥੀ ਤੀਜੇ ਪੜਾਅ ਹੇਠ ਬੁਲਾਏ ਜਾਣਗੇ। ਅੱਜ ਵਿਦਿਆਰਥੀਆਂ ਨੂੰ ਦੋ ਸੈਸ਼ਨਾਂ ਵਿਚ ਸੱਦਿਆ ਗਿਆ ਤੇ ਪਹਿਲੇ ਸੈਸ਼ਨ ਸਵੇਰੇ 9 ਤੋਂ 11 ਤੋਂ ਬਾਅਦ ਦੂਜਾ ਸੈਸ਼ਨ ਦੁਪਹਿਰ 12 ਤੋਂ 2 ਵਜੇ ਦਰਮਿਆਨ ਹੋਇਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All