ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 9 ਜੂਨ
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਦਲੇ ਸਿਆਸੀ ਸਮੀਕਰਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਅੱਜ ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਮੀਟਿੰਗ ਵਿੱਚ 6.5 ਕਰੋੜ ਰੁਪਏ ਦੇ ਪਾਸ ਕੰਮਾਂ ਦੇ ਵਰਕ ਆਰਡਰ ਜਾਰੀ ਕੀਤੇ, ਜਦੋਂ ਕਿ 7 ਕਰੋੜ ਰੁਪਏ ਦੇ ਹੋਰ ਨਵੇਂ ਐਸਟੀਮੇਟ ਪਾਸ ਕੀਤੇ ਹਨ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿੱਚ ਵੱਖ-ਵੱਖ ਕੰਮਾਂ ਲਈ ਮਸ਼ੀਨਰੀ ਦੀ ਖਰੀਦ ਬਾਰੇ ਵਰਕ ਆਰਡਰ ਦਿੱਤੇ ਗਏ ਹਨ। ਜਿਨ੍ਹਾਂ ਵਿੱਚ ਚਾਰ ਟਰੈਕਟਰ ਤੇ ਚਾਰ ਵਾਟਰ ਟੈਂਕਰ ਸ਼ਾਮਲ ਹਨ। ਇਹ ਟੈਂਕਰ ਸਪਰਿੰਕਲਰ ਸਿਸਟਮ ਨਾਲ ਲੈਸ ਹਨ, ਜਿਨ੍ਹਾਂ ਨਾਲ ਵੱਖ-ਵੱਖ ਇਲਾਕਿਆਂ ਵਿੱਚ ਸਿੰਜਾਈ ਦਾ ਕੰਮ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸਨਅਤੀ ਏਰੀਆ ਫੇਜ਼-8 ਅਤੇ 8ਬੀ ਵਿੱਚ ਸਟਰੀਟ ਲਾਈਟਾਂ ਦੇ ਸਾਲਾਨਾ ਰੱਖ-ਰਖਾਓ ਸਮੇਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਪਾਰਕਾਂ ਨੂੰ ਸੈਰਗਾਹ ਬਣਾਉਣ ਦੇ ਕੰਮ, ਕਰਵ ਚੈਨਲ, ਸੜਕਾਂ, ਸਟਰੀਟ ਲਾਈਟਾਂ ਸਮੇਤ 6.5 ਰੁਪਏ ਦੇ ਹੋਰ ਕੰਮਾਂ ਦੇ ਵਰਕ ਆਰਡਰ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਾਰਡਾਂ ਨਾਲ ਸਬੰਧਤ ਹਰ ਤਰ੍ਹਾਂ ਦੇ ਵਿਕਾਸ ਕੰਮਾਂ ਲਈ 7 ਕਰੋੜ ਰੁਪਏ ਦੇ ਨਵੇਂ ਕੰਮ ਪਾਸ ਕੀਤੇ ਗਏ ਹਨ। ਇਨ੍ਹਾਂ ਵਿੱਚ ਸੜਕਾਂ, ਪਾਰਕਾਂ, ਸਟਰੀਟ ਲਾਈਟਾਂ, ਕਰਬ ਚੈਨਲਾਂ ਦੇ ਨਾਲ-ਨਾਲ ਓਪਨ ਏਅਰ ਜਿਮ ਲਗਾਉਣ ਦੇ ਕੰਮ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੇਅਰ ਜੀਤੀ ਸਿੱਧੂ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਕਾਬਜ਼ ਧਿਰ ਦੇ ਕੌਂਸਲਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਕੇ ਸ਼ਹਿਰ ਦੇ ਵਿਕਾਸ ਦੇ ਮੁੱਦੇ ’ਤੇ ਮੇਅਰ ਨਾਲ ਚੱਟਾਨ ਵਾਂਗ ਖੜ੍ਹੇ ਰਹਿਣ ਦਾ ਅਹਿਦ ਲਿਆ ਸੀ। ਜਿਸ ਕਾਰਨ ਮੇਅਰ ਨੂੰ ਕਾਫ਼ੀ ਹੱਲਾਸ਼ੇਰੀ ਮਿਲੀ ਹੈ।