ਪੱਤਰ ਪ੍ਰੇਰਕ
ਚੰਡੀਗੜ੍ਹ, .4 ਜਨਵਰੀ
ਕਰੋਨਾ ਮਹਾਂਮਾਰੀ ਦਾ ਅੰਕੜਾ ਦਿਨੋ ਦਿਨ ਵਧਦਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਅੱਜ ਟਰਾਈਸਿਟੀ ਵਿੱਚ ਕੁੱਲ 430 ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਯੂ.ਟੀ. ਚੰਡੀਗੜ੍ਹ ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਅੱਜ 128 ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਹ ਨਵੇਂ ਮਰੀਜ਼ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਸਮੇਤ ਦੜੂਆ, ਖੁੱਡਾ ਅਲੀਸ਼ੇਰ, ਖੁੱਡਾ ਲਾਹੋਰਾ, ਮੱਖਣਮਾਜਰਾ, ਮਨੀਮਾਜਰਾ, ਪੀ.ਜੀ.ਆਈ. ਕੈਂਪਸ, ਰਾਮ ਦਰਬਾਰ ਦੇ ਵਸਨੀਕ ਹਨ। ਇਸ ਸਮੇਂ ਕਰੋਨਾ ਦੇ ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ 500 ਹੈ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਅੱਜ ਕਰੋਨਾ ਨੇ ਕਹਿਰ ਢਾਇਆ ਹੈ। ਪਿਛਲੇ 24 ਘੰਟਿਆ ਦੌਰਾਨ ਕਰੋਨਾ ਦੇ 162 ਨਵੇਂ ਕੇਸ ਸਾਹਮਣੇ ਆਏ ਹਨ। ਇਹ ਕੇਸ ਅਮਰਾਵਤੀ ਇਨਕਲੇਵ, ਆਈਟੀਬੀਟੀ ਭਾਨੂੰ, ਆਟੀਟੀਬੀਟ ਰਾਮਗੜ੍ਹ, ਐਮਡੀਸੀ ਸੈਕਟਰ-4, 5, 6, ਪੰਚਕੂਲਾ ਦੇ ਸੈਕਟਰ-10 ਅਤੇ 11 ਤੋਂ ਆਏ ਹਨ। ਪੰਚਕੂਲਾ ਦੇ ਸਿਹਤ ਵਿਭਾਗ ਦੀ ਸਪੋਕਸਪਰਸਨ ਡਾ. ਮਨਕੀਰਤ ਮੁਰਾਰਾ ਨੇ ਦੱਸਿਆ ਹੈ ਕਿ ਪੰਚਕੂਲਾ ਦੇ ਸਿਹਤ ਵਿਭਾਗ ਵੱਲੋਂ ਕਰੋਨਾ ਨੂੰ ਲੈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਨ੍ਹਾ ਕੇਸਾਂ ਵਿੱਚ 94 ਕੇਸ ਪੰਚਕੂਲਾ ਦੇ ਹਨ ਅਤੇ ਬਾਕੀ ਕੇਸ ਗੁਆਂਢੀ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਇਨ੍ਹਾਂ ਕੇਸਾਂ ਵਿੱਚ 54 ਪੁਰਸ਼ ਅਤੇ 40 ਮਹਿਲਾਵਾਂ ਸ਼ਾਮਲ ਹਨ।
ਐਸ.ਏ.ਐਸ. ਨਗਰ (ਪੱਤਰ ਪ੍ਰੇਰਕ): ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਫਿਰ ਤੋਂ ਕਰੋਨਾ ਦੇ ਕੇਸ ਵਧਣੇ ਸ਼ੁਰੂ ਹੋ ਗਏ ਹਨ। ਅੱਜ ਮੁਹਾਲੀ ਵਿੱਚ ਇਕ ਹੀ ਦਿਨ ਵਿੱਚ ਕਰੋਨਾ ਮਹਾਮਾਰੀ ਦੇ 139 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਨੇ ਕਰੋਨਾ ਦੇ ਮੱਦੇਨਜ਼ਰ ਮੁਹਾਲੀ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਤੋਂ ਸਖ਼ਤ ਕਦਮ ਚੁੱਕੇ ਹਨ ਜਿਨ੍ਹਾਂ ਤਹਿਤ ਨਵੇਂ ਆਦੇਸ਼ ਦਿੱਤੇ ਗਏ ਹਨ। ਇਹ ਆਦੇਸ਼ 15 ਜਨਵਰੀ 2022 ਤੱਕ ਲਾਗੂ ਰਹਿਣਗੇ। ਹੁਕਮਾਂ ’ਚ ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ।
ਅੰਬਾਲਾ ਜ਼ਿਲ੍ਹੇ ’ਚ 69 ਕੇਸ ਪਾਜ਼ੇਟਿਵ
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਅੱਜ ਅੰਬਾਲਾ ਜ਼ਿਲ੍ਹੇ ਵਿਚ ਕੁੱਲ 69 ਕਰੋਨਾ ਪਾਜ਼ੇਟਿਵ ਕੇਸ ਮਿਲਣ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 234 ਹੋ ਗਈ ਹੈ। ਅੱਜ ਸਭ ਤੋਂ ਵੱਧ 39 ਮਰੀਜ਼ ਅੰਬਾਲਾ ਸ਼ਹਿਰ ਤੋਂ ਆਏ ਹਨ ਜਦੋਂ ਕਿ 18 ਮਰੀਜ਼ ਅੰਬਾਲਾ ਕੈਂਟ ਤੋਂ, 5 ਚੌੜਮਸਤਪੁਰ ਤੋਂ, ਇਕ ਸ਼ਾਹਜ਼ਾਦਪੁਰ ਤੋਂ, 3 ਬਰਾੜਾ ਤੋਂ ਅਤੇ 3 ਮਰੀਜ਼ ਮੁਲਾਣਾ ਤੋਂ ਸਾਹਮਣੇ ਆਏ ਹਨ।ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਅੱਜ ਅੰਬਾਲਾ ਜ਼ਿਲ੍ਹੇ ਵਿਚ 18377 ਲੋਕਾਂ ਨੂੰ ਵੈਕਸੀਨੇਟ ਕੀਤਾ ਗਿਆ ਹੈ।ਟੀਕਾਕਾਰਨ ਦਾ ਕੰਮ 144 ਸਕੂਲਾਂ ਅਤੇ ਵੈਕਸੀਨੇਸ਼ਨ ਸੈਂਟਰਾਂ ਤੇ ਜਾਰੀ ਹੈ।
ਸਕੂਲ/ਕਾਲਜ ਬੰਦ ਪਰ ਅਧਿਆਪਕਾਂ ਦਾ ਆਉਣਾ ਲਾਜ਼ਮੀ
ਐਸ.ਏ.ਐਸ. ਨਗਰ (ਪੱਤਰ ਪ੍ਰੇਰਕ): ਇਕ ਪਾਸੇ ਜਿੱਥੇ ਕਰੋਨਾ ਮਹਾਮਾਰੀ ਦੇ ਲਗਾਤਾਰ ਵਧ ਰਹੇ ਕੇਸਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਸਾਰੇ ਸਕੂਲ, ਕਾਲਜ ਬੰਦ ਕਰਨ ਦੇ ਹੁਕਮ ਚਾੜੇ ਗਏ ਹਨ, ਦੂਜੇ ਪਾਸੇ ਸਿਆਸੀ ਪਾਰਟੀਆਂ ਵੱਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਹਰਜੀਤ ਬਸੋਤਾ ਤੇ ਜਨਰਲ ਸਕੱਤਰ ਸੁਰਿੰਦਰ ਕੰਬੋਜ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਸਕੂਲ ਆਉਣ ’ਤੇ ਪਾਬੰਦੀ ਲਗਾਈ ਗਈ ਪ੍ਰੰਤੂ ਇਸ ਦੇ ਉਲਟ ਅਧਿਆਪਕਾਂ ਨੂੰ ਸਕੂਲ ਪਹੁੰਚ ਕੇ ਆਨਲਾਈਨ ਪੜ੍ਹਾਈ ਕਰਾਉਣ ਲਈ ਕਿਹਾ ਗਿਆ ਹੈ। ਇਸ ਸਬੰਧੀ ਕਈ ਸਕੂਲਾਂ ਦੇ ਅਧਿਆਪਕਾਂ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਹੀ ਕਰਵਾਉਣੀ ਹੈ ਤਾਂ ਉਹ ਆਪਣੇ ਘਰਾਂ ਤੋਂ ਵੀ ਕਰਵਾ ਸਕਦੇ ਹਨ, ਉਨ੍ਹਾਂ ਨੂੰ ਜ਼ਬਰਦਸਤੀ ਸਕੂਲ ਆਉਣ ਲਈ ਕਿਉਂ ਕਿਹਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਅਧਿਆਪਕਾਂ ਨੂੰ ਕਰੋਨਾ ਨਹੀਂ ਹੋ ਸਕਦਾ ਹੈ? ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਜੇ ਸਿਨੇਮਾ ਹਾਲ, ਹੋਟਲਾਂ ਵਿੱਚ 50 ਫੀਸਦੀ ਹਾਜ਼ਰੀ ਦੇ ਹੁਕਮ ਜਾਰੀ ਕਰ ਸਕਦੀ ਹੈ ਤਾਂ ਸਕੂਲਾਂ ਵਿੱਚ ਵੀ ਇਹ ਨਿਯਮ ਲਾਗੂ ਕੀਤੇ ਜਾਣ ਤੇ ਸਕੂਲ/ਕਾਲਜ ਖੋਲ੍ਹਣ ਦਾ ਫੈਸਲਾ ਕੀਤਾ ਜਾਵੇ।