ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੂਨ
ਸ਼ਹਿਰ ਵਿੱਚ 40 ਹੋਰ ਇਲੈਕਟ੍ਰਿਕ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਵਿੱਚੋਂ ਇਕ ਬੱਸ ਨੂੰ ਸ਼ਹਿਰ ਵਿੱਚ ਟਰਾਇਲ ਲਈ ਚਲਾਇਆ ਗਿਆ ਹੈ, ਜਿਸ ਨੂੰ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਬੱਸਾਂ ਅਗਲੇ ਹਫ਼ਤੇ ਤੱਕ ਸ਼ਹਿਰ ਵਿੱਚ ਪਹੁੰਚ ਜਾਣਗੀਆਂ। ਸ਼ਹਿਰ ਵਿੱਚ ਇਨ੍ਹਾਂ ਬੱਸਾਂ ਦੇ ਆਉਣ ਨਾਲ ਯੂਟੀ ਪ੍ਰਸ਼ਾਸਨ ਟ੍ਰਾਈਸਿਟੀ ਵਿੱਚ ਨਵੇਂ ਰੂਟ ਸ਼ੁਰੂ ਕਰੇਗਾ।
ਕੇਂਦਰ ਸਰਕਾਰ ਨੇ ਫੇਮ ਇੰਡੀਆ ਸਕੀਮ ਤਹਿਤ ਸਿਟੀ ਬਿਊਟੀਫੁੱਲ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਚੰਡੀਗੜ੍ਹ ਵਿੱਚ 80 ਇਲੈਕਟ੍ਰਿਕ ਬੱਸਾਂ ਚਲਾਉਣ ਦਾ ਟੀਚਾ ਹੈ। ਕੇਂਦਰ ਸਰਕਾਰ ਵੱਲੋਂ 45 ਲੱਖ ਰੁਪਏ ਪ੍ਰਤੀ ਬੱਸ ਸਬਸਿਡੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 40 ਇਲੈਕਟ੍ਰਿਕ ਬੱਸਾਂ ਚੰਡੀਗੜ੍ਹ ਵਿੱਚ ਪਹੁੰਚ ਚੁੱਕੀਆਂ ਹਨ। ਆਉਣ ਵਾਲੀਆਂ 40 ਬੱਸਾਂ ਲਈ ਫਰਵਰੀ 2022 ਵਿੱਚ ਮੈਸਰਜ਼ ਵੋਲਵੋ ਆਈਸ਼ਰ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਸਮਝੌਤੇ ਤਹਿਤ ਵੋਲਵੋ ਨਾਲ 10 ਸਾਲਾਂ ਲਈ 115.44 ਕਰੋੜ ਰੁਪਏ ਦਾ ਨਵਾਂ ਐਗਰੀਮੈਂਟ ਹੋਇਆ ਹੈ।
ਸਾਰੀਆਂ ਬੱਸਾਂ ਹੋਣਗੀਆਂ ਏਸੀ
ਸ਼ਹਿਰ ਵਿੱਚ ਆਉਣ ਵਾਲੀਆਂ ਨਵੀਆਂ ਬੱਸਾਂ ਏਸੀ ਹਨ ਜਿਸ ਵਿੱਚ 31 ਯਾਤਰੀ ਬੈਠ ਕੇ ਅਤੇ 8 ਯਾਤਰੀ ਖੜ੍ਹੇ ਹੋ ਕੇ ਸਫ਼ਰ ਕਰ ਸਕਦੇ ਹਨ। ਜਦੋਂ ਕਿ ਹਰ ਸੀਟ ਦੇ ਨਾਲ ਮੋਬਾਈਲ ਚਾਰਜ ਕਰਨ ਲਈ ਪੁਆਇੰਟ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਐਮਰਜੈਂਸੀ ਦੀ ਸਥਿਤੀ ਲਈ ਪੈਨਿਕ ਬਟਨ ਲਗਾਇਆ ਗਿਆ ਹੈ ਅਤੇ ਬੱਸ ਵਿੱਚ ਸਕਰੀਨ ਲਗਾਈ ਗਈ ਹੈ।