ਸਰਬਜੀਤ ਸਿੰਘ ਭੱਟੀ
ਲਾਲੜੂ, 25 ਨਵੰਬਰ
ਨਗਰ ਕੌਸਲ ਲਾਲੜੂ ਅਧੀਨ ਆਉਂਦੀ ਕਰੀਬ 100 ਏਕੜ ਸ਼ਾਮਲਾਤ ਜ਼ਮੀਨ ਵਿੱਚ ਦਰੱਖ਼ਤਾਂ ਦੀ ਕਥਿਤ ਤੌਰ ’ਤੇ ਨਾਜਾਇਜ਼ ਕਟਾਈ ਕੀਤੀ ਜਾ ਰਹੀ ਹੈ ਅਤੇ ਜੰਗਲਾਤ ਵਿਭਾਗ ਦੇ ਨਿਯਮਾਂ ਦੀ ਵੀ ਕਥਿਤ ਤੌਰ ’ਤੇ ਉਲੰਘਣਾ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅੱਜ ਹਲਕਾ ਵਿਧਾਇਕ ਐਨ.ਕੇ ਸ਼ਰਮਾ ਨੇ ਮੌਕੇ ਦਾ ਦੌਰਾ ਕਰਨ ਉਪਰੰਤ ਦਿੱਤੀ।
ਉਨ੍ਹਾਂ ਦੱਸਿਆ ਕਈ ਵੱਡੇ ਦਰੱਖ਼ਤ, ਜਿਨ੍ਹਾਂ ਦਾ ਡਾਇਆ ਦੋ ਢਾਈ ਫੁੱਟ ਦੇ ਕਰੀਬ ਹੈ, ਵੱਢੇ ਜਾ ਰਹੇ ਹਨ ਅਤੇ ਪਿੱਛਲੇ ਇੱਕ ਹਫ਼ਤੇ ਤੋਂ ਇਨ੍ਹਾਂ ਦਰੱਖ਼ਤਾਂ ਦੀ ਕਟਾਈ ਹੋ ਰਹੀ ਹੈ ਅਤੇ ਟਰਾਲੀਆਂ ਭਰ ਕੇ ਦਰਖੱਤ ਵੇਚੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਇਹ ਕੰਮ ਹੋ ਰਿਹਾ ਹੈ ਜਦੋਂ ਕਿ ਨਿਯਮ ਮੁਤਾਬਿਕ ਸ਼ਾਮਲਾਤ ਜ਼ਮੀਨ ਵਿਚੋਂ ਦਰੱਖ਼ਤ ਕੱਟਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਲਿਖਤੀ ਅਸੈਸਮੈਂਟ ਕਰਵਾਈ ਜਾਂਦੀ ਹੈ। ਉਸ ਤੋਂ ਬਾਅਦ ਦਰੱਖ਼ਤਾਂ ਦੀ ਬੋਲੀ ਲਈ ਇਸ਼ਤਿਹਾਰ ਦੇ ਕੇ ਕਾਰਵਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਸਲ ਵੱਲੋਂ ਆਪਣੇ ਚਹੇਤਿਆਂ ਨੂੰ ਕਥਿਤ ਤੌਰ ’ਤੇ ਲਾਭ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਡੀਸੀ ਮੁਹਾਲੀ, ਐੱਸਐੱਸਪੀ ਅਤੇ ਜੰਗਲਾਤ ਵਿਭਾਗ ਨੂੰ ਸ਼ਿਕਾਇਤ ਕਰਨਗੇ ਅਤੇ ਵਿਜੀਲੈਂਸ ਤੋਂ ਮਾਮਲੇ ਦੀ ਜਾਂਚ ਕਰਾਉਣਗੇ।
ਸਾਰੀ ਕਾਰਵਾਈ ਨਿਯਮਾਂ ਮੁਤਾਬਕ ਕੀਤੀ: ਕੌਂਸਲ ਪ੍ਰਧਾਨ
ਨਗਰ ਕੌਂਸਲ ਦੀ ਪ੍ਰਧਾਨ ਬਿੰਦੂ ਰਾਣਾ ਨੇ ਕਿਹਾ ਕਿ ਸ਼ਾਮਲਾਤ ਜ਼ਮੀਨ ਵਿੱਚ ਪਹਾੜੀ ਕਿੱਕਰਾਂ ਤੇ ਸਰਕੰਡੇ ਨੂੰ ਕਟਵਾਇਆ ਗਿਆ ਹੈ ਅਤੇ ਇਸ ਜ਼ਮੀਨ ’ਤੇ 267 ਬੇਘਰੇ ਵਿਅਕਤੀਆਂ ਨੂੰ ਜ਼ਮੀਨ ਅਲਾਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ ਨਿਯਮਾਂ ਮੁਤਾਬਕ ਕੀਤੀ ਗਈ ਹੈ।
ਜੰਗਲਾਤ ਵਿਭਾਗ ਨੇ ਮਨਜ਼ੂਰੀ ਸਬੰਧੀ ਅਗਿਆਨਤਾ ਪ੍ਰਗਟਾਈ: ਜੰਗਲਾਤ ਵਿਭਾਗ ਡੇਰਾ ਬਸੀ ਦੇ ਬਲਾਕ ਅਫਸਰ ਜੈ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਰੱਖਤਾਂ ਬਾਰੇ ਮਨਜੂਰੀ ਲੈਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ।