ਆਤਿਸ਼ ਗੁਪਤਾ
ਚੰਡੀਗੜ੍ਹ, 19 ਜੁਲਾਈ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਕਰਨ ਤੇ ਆਵਾਜਾਈ ਪ੍ਰਬੰਧ ਨੂੰ ਦਰੁੱਸਤ ਕਰਨ ਲਈ ਸ਼ਹਿਰ ਵਿੱਚ 40 ਹੋਰ ਇਲੈਕਟ੍ਰਿਕ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਵਿੱਚੋਂ ਇਕ ਬੱਸ ਸ਼ਹਿਰ ਵਿੱਚ ਟਰਾਇਲ ਵਜੋਂ ਚਲਾਈ ਜਾ ਰਹੀ ਹੈ ਜਦਕਿ ਰਹਿੰਦੀਆਂ 39 ਬੱਸਾਂ ਜੁਲਾਈ ਦੇ ਅਖੀਰ ਤੱਕ ਚੰਡੀਗੜ੍ਹ ਪਹੁੰਚਣਗੀਆਂ। ਯੂਟੀ ਪ੍ਰਸ਼ਾਸਨ ਵੱਲੋਂ ਨਵੀਆਂ ਬੱਸਾਂ ਨੂੰ ਟ੍ਰਾਈਸਿਟੀ ਵਿੱਚ ਨਵੇਂ ਰੂਟ ਦੇਣੇ ਸ਼ੁਰੂ ਕੀਤੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਟੀਯੂ ਨੇ 40 ਹੋਰਨਾਂ ਇਲੈਕਟ੍ਰਿਕ ਬੱਸਾਂ ਦੇ ਆਉਣ ’ਤੇ ਟ੍ਰਾਈਸਿਟੀ ਵਿੱਚ ਨਵੇਂ ਰੂਟਾਂ ਦਾ ਚਾਰਟ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਕ ਬੱਸ ਨੂੰ ਟਰਾਇਲ ਲਈ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਜੂਨ 2022 ’ਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਸ ਟਰਾਇਸ ਬੱਸ ਨੂੰ ਮਲੋਆ ਤੋਂ ਮਨੀਮਾਜਰਾ ਨੂੰ ਪੀਜੀਆਈ ਰੂਟਾਂ ਰਾਹੀਂ ਜੋੜਨ ਦੇ ਨਾਲ-ਨਾਲ ਸੈਕਟਰ 17 ਅਤੇ 43 ਦੇ ਬੱਸ ਅੱਡਿਆਂ ਨਾਲ ਜੋੜਿਆ ਗਿਆ ਹੈ। ਇਨ੍ਹਾਂ ਨਵੀਂ ਇਲੈਕਟ੍ਰਿਕ ਬੱਸ ਵਿੱਚ 31 ਯਾਤਰੀ ਬੈਠ ਕੇ ਅਤੇ 8 ਯਾਤਰੀ ਖੜ੍ਹੇ ਹੋ ਕੇ ਸਫ਼ਰ ਕਰ ਸਕਦੇ ਹਨ। ਹਰ ਸੀਟ ਨਾਲ ਮੋਬਾਈਲ ਚਾਰਜ ਕਰਨ ਲਈ ਪੁਆਇੰਟ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਐਮਰਜੈਂਸੀ ਦੀ ਸਥਿਤੀ ਨਾਲ ਨਜਿੱਠਣ ਲਈ ਪੈਨਿਕ ਬਟਨ ਵੀ ਲਗਾਇਆ ਗਿਆ ਹੈ ਅਤੇ ਬੱਸ ਵਿੱਚ ਸਕਰੀਨ ਲਗਾਈ ਗਈ ਹੈ। ਇਨ੍ਹਾਂ ਬੱਸਾਂ ਵਿੱਚ ਅੱਗ ਬੁਝਾਈ ਯੰਤਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੈ। ਗੌਰਤਲਬ ਹੈ ਕਿ ਕੇਂਦਰ ਸਰਕਾਰ ਨੇ ਫੇਮ ਇੰਡੀਆ ਸਕੀਮ ਤਹਿਤ ਚੰਡੀਗੜ੍ਹ ਵਿੱਚ 80 ਇਲੈਕਟ੍ਰਿਕ ਬੱਸਾ ਚਲਾਉਣ ਦਾ ਫ਼ੈਸਲਾ ਕੀਤਾ ਸੀ ਤੇ 40 ਬੱਸਾਂ ਪਹਿਲਾਂ ਹੀ ਚੰਡੀਗੜ੍ਹ ’ਚ ਚੱਲ ਰਹੀਆਂ ਹਨ।