ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਸਤੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ 10ਵੀਂ ਤੇ 12ਵੀਂ ਜਮਾਤ ਦੀਆਂ ਮਾਰਕਸ਼ੀਟਾਂ ਤਿਆਰ ਕਰ ਲਈਆਂ ਗਈਆਂ ਹਨ ਤੇ ਇਹ ਜਲਦੀ ਹੀ ਸਕੂਲਾਂ ਨੂੰ ਭੇਜੀਆਂ ਜਾਣਗੀਆਂ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਕੂਲੀ ਸਿੱਖਿਆ ਤੋਂ ਬਾਅਦ ਕਾਲਜਾਂ ਵਿੱਚ ਦਾਖਲੇ ਲੈਣ ਵਾਲੇ ਵਿਦਿਆਰਥੀਆਂ ਤੋਂ ਹਾਰਡ ਮਾਰਕਸ਼ੀਟਾਂ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਵਿਦਿਆਰਥੀ ਪ੍ਰੇਸ਼ਾਨ ਹਨ ਤੇ ਉਨ੍ਹਾਂ ਵੱਲੋਂ ਬੋਰਡ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ। ਇਹ ਪਤਾ ਲੱਗਾ ਹੈ ਕਿ ਬੋਰਡ ਵੱਲੋਂ ਮਾਰਕਸ਼ੀਟਾਂ ਦਾ ਕੰਮ ਲਗਪਗ ਮੁਕੰਮਲ ਹੈ ਤੇ ਇਹ ਜਲਦੀ ਹੀ ਸਕੂਲਾਂ ਨੂੰ ਭੇਜੀਆਂ ਜਾਣਗੀਆਂ। ਬੋਰਡ ਦੇ ਮੁਹਾਲੀ ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਕਿ ਕੋਈ ਵੀ ਸਿੱਖਿਆ ਸੰਸਥਾ ਡਿਜੀਲੌਕਰ ਰਾਹੀਂ ਹਾਸਲ ਕੀਤੀ ਮਾਰਕਸ਼ੀਟ ਨੂੰ ਨਕਾਰ ਨਹੀਂ ਸਕਦੀ ਤੇ ਨਾ ਹੀ ਇਸ ਆਧਾਰ ’ਤੇ ਦਾਖਲੇ ਲਈ ਮਨ੍ਹਾ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਮਾਰਕਸ਼ੀਟਾਂ ਇਸ ਮਹੀਨੇ ਦੇ ਅਖੀਰ ਤੱਕ ਵਿਦਿਆਰਥੀਆਂ ਕੋਲ ਪੁੱਜਦੀਆਂ ਕਰ ਦਿੱਤੀਆਂ ਜਾਣਗੀਆਂ।
———-ਬਾਕਸ————
9ਵੀਂ ਤੇ 11ਵੀਂ ਦੇ ਪ੍ਰਸ਼ਨ ਪੱਤਰ ਬਾਰੇ ਫਰਜ਼ੀ ਸਰਕੂਲਰ
ਸੋਸ਼ਲ ਮੀਡੀਆ ’ਤੇ ਬੀਤੇ ਦਿਨ ਤੋਂ ਸੀਬੀਐੱਸਈ ਦਾ ਫਰਜ਼ੀ ਸਰਕੂਲਰ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ ਸੀਬੀਐੱਸਈ ਵੱਲੋਂ ਤਿਆਰ ਕੀਤਾ ਜਾਵੇਗਾ ਤੇ ਸਾਰੇ ਦੇਸ਼ ਭਰ ਵਿੱਚ ਇਨ੍ਹਾਂ ਜਮਾਤਾਂ ਲਈ ਇਕ ਹੀ ਪ੍ਰਸ਼ਨ ਪੱਤਰ ਤਿਆਰ ਹੋਵੇਗਾ। ਇਸ ਤੋਂ ਇਲਾਵਾ ਪ੍ਰੀਖਿਆ ਕਰਵਾਉਣ ਦੀ ਮਿਤੀ ਵੀ ਬੋਰਡ ਵੱਲੋਂ ਹੀ ਤੈਅ ਕੀਤੀ ਜਾਵੇਗੀ। ਇਸ ਸਬੰਧੀ ਸਕੂਲਾਂ ਤੋਂ ਵਿਦਿਆਰਥੀਆਂ ਦਾ ਰਿਕਾਰਡ ਵੀ ਮੰਗਿਆ ਗਿਆ ਹੈ। ਸੀਬੀਐੱਸਈ ਦੇ ਅਧਿਕਾਰੀਆਂ ਨੇ ਕਿਹਾ ਕਿ ਬੋਰਡ ਵੱਲੋਂ ਅਜਿਹਾ ਕੋਈ ਸਰਕੁਲਰ ਜਾਰੀ ਨਹੀਂ ਕੀਤਾ ਗਿਆ ਤੇ ਉਕਤ ਜਮਾਤਾਂ ਦਾ ਪ੍ਰਸ਼ਨ ਪੱਤਰ ਸਕੂਲਾਂ ਵੱਲੋਂ ਹੀ ਤਿਆਰ ਕੀਤਾ ਜਾਵੇਗਾ ਪਰ ਇਹ 10ਵੀਂ ਤੇ 12ਵੀਂ ਸਮੈਸਟਰ ਦੀ ਤਰਜ਼ ’ਤੇ ਤਿਆਰ ਕੀਤਾ ਜਾਵੇਗਾ।