ਕੁਲਦੀਪ ਸਿੰਘ
ਚੰਡੀਗੜ੍ਹ, 23 ਅਕਤੂਬਰ
ਸੀਟੀਯੂ ਅਦਾਰੇ ਵਿੱਚ ਸਰਕਾਰੀ ਤੌਰ ’ਤੇ 20 ਹੋਰ ਨਵੀਆਂ ਬੱਸਾਂ ਸ਼ਾਮਲ ਕਰਨ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਜਿਸ ਨਾਲ ਆਮ ਜਨਤਾ ਨੂੰ ਵਧੀਆ ਬੱਸ ਸੇਵਾ ਮਿਲ ਸਕੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਵਧਣਗੇ। ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਨੇ ਇਸ ਨੂੰ ਦੀਵਾਲੀ ਦਾ ਤੋਹਫ਼ਾ ਮੰਨਦਿਆਂ ਸੈਕਟਰੀ ਟਰਾਂਸਪੋਰਟ ਨਿਤਿਨ ਯਾਦਵ ਆਈ.ਏ.ਐਸ. ਨਾਲ ਮੁਲਾਕਾਤ ਕਰਕੇ ਯੂ.ਟੀ. ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ, ਜਨਰਲ ਸਕੱਤਰ ਸਤਿੰਦਰ ਸਿੰਘ, ਮੀਤ ਪ੍ਰਧਾਨ ਗੁਲਾਬ ਸਿੰਘ ਅਤੇ ਕੈਸ਼ੀਅਰ ਗੁਰਪ੍ਰੀਤ ਸਿੰਘ ਪਨੈਚਾਂ ਨੇ ਕਿਹਾ ਕਿ ਇਹ ਨਵੀਆਂ ਸ਼ਾਮਿਲ ਹੋਣ ਵਾਲੀਆਂ ਉਹ ਬੱਸਾਂ ਹਨ ਜੋ ਪਹਿਲਾਂ ਕਿਲੋਮੀਟਰ ਸਕੀਮ ਵਿੱਚ ਪ੍ਰਾਈਵੇਟ ਤੌਰ ’ਤੇ ਲਈਆਂ ਜਾ ਰਹੀਆਂ ਸਨ। ਯੂਨੀਅਨ ਨੇ ਸੀ.ਟੀ.ਯੂ. ਮੈਨੇਜਮੈਂਟ ਅਤੇ ਯੂ.ਟੀ. ਪ੍ਰਸ਼ਾਸਨ ਅੱਗੇ ਆਪਣੀ ਦਲੀਲ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਕੇ ਕਿਲੋਮੀਟਰ ਸਕੀਮ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਅਤੇ ਵਰਕਰਜ਼ ਯੂਨੀਅਨ ਇਸੇ ਮੰਗ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਵੀ ਕਰਦੀ ਆ ਰਹੀ ਸੀ।
ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਵਿੱਚ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਇਹ ਬੱਸਾਂ 31 ਮਾਰਚ 2023 ਤੋਂ ਪਹਿਲਾਂ ਸਰਕਾਰੀ ਤੌਰ ’ਤੇ ਸੀ.ਟੀ.ਯੂ. ਦੇ ਬੇੜੇ ਵਿੱਚ ਸ਼ਾਮਿਲ ਹੋ ਜਾਣਗੀਆਂ। ਡਾਇਰੈਕਟਰ ਟਰਾਂਸਪੋਰਟ ਯੂ.ਟੀ. ਚੰਡੀਗੜ੍ਹ ਪ੍ਰਦੁੱਮਣ ਸਿੰਘ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਅਦਾਰੇ ਵਿੱਚ ਡਰਾਈਵਰਾਂ, ਕੰਡਕਟਰਾਂ ਅਤੇ ਵਰਕਸ਼ਾਪ ਕਾਮਿਆਂ ਦੀਆਂ ਖਾਲੀ ਪਈਆਂ ਰੈਗੂਲਰ ਅਸਾਮੀਆਂ ਨੂੰ ਵੀ ਜਲਦੀ ਭਰਿਆ ਜਾਵੇ।