ਹਰਜੀਤ ਸਿੰਘ
ਡੇਰਾਬੱਸੀ, 11 ਅਗਸਤ
ਮੁਬਾਰਿਕਪੁਰ ਖੇਤਰ ਵਿੱਚੋਂ ਲੰਘਦੀ ਘੱਗਰ ਨਦੀ ਦੇ ਕੰਢੇ ਝੁੱਗੀਆਂ ਵਿੱਚ ਲੰਘੀ ਰਾਤ ਅੱਗ ਲੱਗ ਗਈ। ਇਸ ਦੌਰਾਨ 13 ਝੁੱਗੀਆਂ ਸੜ ਗਈਆਂ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਝੁੱਗੀਆਂ ਵਿੱਚ ਪਿਆ ਘਰੇਲੂ ਸਾਮਾਨ ਸੜ ਗਿਆ। ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ ਤੇ ਵੱਡਾ ਹਾਦਸਾ ਟਲ ਗਿਆ। ਥਾਣਾ ਮੁਖੀ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਸੇਖੋਂ ਅਤੇ ਮੁਬਾਰਿਕਪੁਰ ਪੁਲੀਸ ਚੌਕੀ ਇੰਚਾਰਜ ਕੁਲਵੰਤ ਸਿੰਘ ਮੌਕੇ ’ਤੇ ਪਹੁੰਚੇ ਤੇ ਹਾਲਾਤ ਦਾ ਜਾਇਜ਼ਾ ਲਿਆ।
ਵੇਰਵਿਆਂ ਅਨੁਸਾਰ ਘੱਗਰ ਨਦੀ ਦੇ ਕੰਢੇ 150 ਝੁੱਗੀਆਂ ਵਸੀਆਂ ਹੋਈਆਂ ਹਨ। ਲੰਘੀ ਦੇਰ ਰਾਤ ਇਕ ਝੁੱਗੀ ਵਿੱਚ ਅੱਗ ਲੱਗ ਗਈ ਜਿਸ ਨੇ 13 ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਰੌਲਾ ਪੈਣ ’ਤੇ ਸੁੱਤੇ ਪਏ ਲੋਕ ਝੁੱਗੀਆਂ ਵਿੱਚ ਬਾਹਰ ਆ ਗਏ। ਫਾਇਰ ਬ੍ਰਿਗੇਡ ਦੀ ਤਿੰਨ ਗੱਡੀਆਂ ਨੇ ਕਰੀਬ ਇਕ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਇਕ ਝੁੱਗੀ ਵਿੱਚ ਪਿਆ ਰਸੋਈ ਗੈਸ ਸਿਲੰਡਰ ਧਮਾਕੇ ਨਾਲ ਫਟ ਗਿਆ। ਪੀੜਤ ਪਰਿਵਾਰਾਂ ਨੇ ਕਿਹਾ ਕਿ ਉਹ ਦਿਹਾੜੀਆਂ ਕਰ ਕੇ ਪਰਿਵਾਰ ਪਾਲਦੇ ਹਨ ਤੇ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਪਿੰਡ ਸੁੰਡਰਾ ਵਿੱਚ ਕਣਕ ਦੇ ਨਾੜ ਨੂੰ ਕਿਸਾਨ ਵੱਲੋਂ ਲਾਈ ਅੱਗ ਕਾਰਨ ਨੇੜਲੀਆਂ ਝੁੱਗੀਆਂ ਵਿੱਚ ਅੱਗ ਲੱਗ ਗਈ ਸੀ ਤੇ ਬੱਚੀ ਦੀ ਮੌਤ ਹੋ ਗਈ ਸੀ।
ਅੱਗ ਲੱਗਣ ਕਾਰਨ ਸੈਨੇਟਾਈਜ਼ਰ ਦੀ ਬੋਤਲ ਫਟੀ; ਔਰਤ ਜ਼ਖ਼ਮੀ
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਸਾਧੂ ਨਗਰ ਦੀ ਗਲੀ ਨੰਬਰ ਸੱਤ ਵਿੱਚ ਅੱਜ ਘਰ ਦੀ ਸਫਾਈ ਦੌਰਾਨ ਕਬਾੜ ਨੂੰ ਲਾਈ ਅੱਗ ਦੌਰਾਨ ਸੈਨੇਟਾਈਜ਼ਰ ਦੀ ਬੋਤਲ ਵਿੱਚ ਧਮਾਕਾ ਹੋ ਗਿਆ ਜਿਸ ਕਾਰਨ ਇਕ ਔਰਤ ਜ਼ਖ਼ਮੀ ਹੋ ਗਈ। ਗਲੀ ਦੇ ਵਸਨੀਕ ਨਿਤੀਸ਼ ਨੇ ਦੱਸਿਆ ਕਿ ਉਨ੍ਹਾਂ ਨੇ ਸਰਸਵਤੀ ਵਿਹਾਰ ਵਿੱਚ ਘਰ ਤਬਦੀਲ ਕੀਤਾ ਹੈ ਤੇ ਸਾਧੂ ਨਗਰ ਵਾਲੇ ਘਰ ਦੀ ਸਫਾਈ ਲਈ ਕਬਾੜ ਨੂੰ ਗਲੀ ਵਿੱਚ ਅੱਗ ਲਾਈ ਸੀ। ਇਸ ਦੌਰਾਨ ਸੈਨੇਟਾਈਜ਼ਰ ਦੀ ਬੋਤਲ ਵਿੱਚ ਧਮਾਕਾ ਹੋ ਗਿਆ ਤੇ ਮਾਤਾ ਦੌਲਤ ਦੇਵੀ ਜ਼ਖ਼ਮੀ ਹੋ ਗਈ। ਉਸ ਨੂੰ ਮੁਹਾਲੀ ਦੇ ਫੇਜ਼-6 ਹਸਪਤਾਲ ਰੈਫਰ ਕੀਤਾ ਗਿਆ ਹੈ। ਘਟਨਾ ਵੇਲੇ ਘਰ ਵਿੱਚ ਉਸ ਦੀ ਮਾਤਾ-ਪਿਤਾ ਤੇ ਦੋ ਭਰਾ ਮੌਜੂਦ ਸਨ।