ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਅਗਸਤ
ਇਥੋਂ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ ਦਾਖਲਿਆਂ ਦਾ ਦੌਰ ਅੱਜ ਸ਼ੁਰੂ ਹੋ ਗਿਆ। ਯੂਟੀ ਦੇ ਸਕੂਲ ਸਿੱਖਿਆ ਵਿਭਾਗ ਨੇ ਅੱਜ ਪ੍ਰਾਸਪੈਕਟਸ ਜਾਰੀ ਕਰ ਦਿੱਤਾ ਹੈ। ਵਿਦਿਆਰਥੀ ਗਿਆਰ੍ਹਵੀਂ ਜਮਾਤ ਵਿਚ 9 ਅਗਸਤ ਤਕ ਦਾਖਲਾ ਫਾਰਮ ਭਰ ਸਕਦੇ ਹਨ ਤੇ ਵਿਦਿਆਰਥੀਆਂ ਦੀ ਕਾਮਨ ਮੈਰਿਟ ਲਿਸਟ 12 ਅਗਸਤ ਨੂੰ ਜਾਰੀ ਕੀਤੀ ਜਾਵੇਗੀ। ਦਾਖਲਾ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ 23 ਅਗਸਤ ਤੋਂ ਜਮਾਤਾਂ ਸ਼ੁਰੂ ਹੋਣਗੀਆਂ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਵਿਦਿਆਰਥੀ ਅੱਜ ਤੋਂ ਹੀ ਫਾਰਮ ਜਮ੍ਹਾਂ ਕਰਵਾ ਸਕਦੇ ਹਨ ਤੇ ਮੈਰਿਟ ਲਿਸਟ 12 ਅਗਸਤ ਨੂੰ ਜਾਰੀ ਕੀਤੀ ਜਾਵੇਗੀ ਤੇ ਜੇ ਕਿਸੇ ਵਿਦਿਆਰਥੀ ਨੂੰ ਕੋਈ ਇਤਰਾਜ਼ ਹੋਵੇਗਾ ਤਾਂ ਉਹ 14 ਅਗਸਤ ਤਕ ਆਪਣੇ ਇਤਰਾਜ਼ ਈਮੇਲ ਜ਼ਰੀਏ ਅਡਮਿਸ਼ਨ ਐਕਸ ਆਈ ਯੂਟੀ ਐਟ ਦਿ ਰੇਟ ਜੀਮੇਲ ਡਾਟ ਕਾਮ ’ਤੇ ਦਰਜ ਕਰਵਾ ਸਕਦੇ ਹਨ। ਵਿਦਿਆਰਥੀ 19 ਤੋਂ 22 ਅਗਸਤ ਤੱਕ ਆਨਲਾਈਨ ਫੀਸ ਜਮ੍ਹਾਂ ਕਰਵਾ ਸਕਦੇ ਹਨ। ਇਹ ਦਾਖਲੇ ਆਰਟਸ, ਵਿਗਿਆਨ,ਕਾਮਰਸ ਤੇ ਸਕਿੱਲ ਕੋਰਸਾਂ ਲਈ 43 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕੀਤੇ ਜਾਣਗੇ।
ਇਸ ਵਾਰ ਚਾਰ ਸਟਰੀਮਾਂ ਵਿਚ 13,500 ਦੇ ਕਰੀਬ ਸੀਟਾਂ ਲਈ ਦਾਖਲੇ ਹੋਣਗੇ। ਇਸ ਵਾਰ ਵਿਦਿਆਰਥੀਆਂ ਨੂੰ ਆਪਣੇ ਦਸਤਾਵੇਜ਼ ਦੀਆਂ ਸਕੈਨਡ ਕਾਪੀਆਂ ਪ੍ਰਾਸਪੈਕਟਸ ਵਿਚ ਦੱਸੀ ਵੈਬਸਾਈਟ ’ਤੇ ਜਾ ਕੇ ਅਪਲੋਡ ਕਰਨੀਆਂ ਪੈਣਗੀਆਂ। ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹੈਲਪ ਡੈਸਕਾਂ ਤੋਂ ਇਲਾਵਾ ਸੈਕਟਰ-30 ਦੇ ਨਾਇਲਿਟ ਸੈਂਟਰ ਵਿਚ ਵੀ 10 ਤੋਂ 5 ਵਜੇ ਤਕ ਜਾ ਕੇ ਫਾਰਮ ਭਰਵਾ ਸਕਦੇ ਹਨ। ਸਾਰੀਆਂ ਸਟਰੀਮਾਂ ਲਈ ਇਕ ਹੀ ਰਜਿਸਟਰੇਸ਼ਨ ਫਾਰਮ ਹੋਵੇਗਾ ਜਿਸ ਦੀ ਫੀਸ 150 ਰੁਪਏ ਹੋਵੇਗੀ। 60 ਫ਼ੀਸਦੀ ਤੋਂ ਉਤੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ 10 ਸਕੂਲਾਂ ਦੀ ਆਪਸ਼ਨ ਭਰਨੀ ਹੋਵੇਗੀ। 60 ਫ਼ੀਸਦੀ ਤੋਂ ਹੇਠਾਂ ਵਾਲਿਆਂ ਨੂੰ 15 ਸਕੂਲਾਂ ਦੀ ਪਸੰਦ ਜ਼ਰੂਰ ਭਰਨੀ ਪਵੇਗੀ। ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਦੇ ਹਿਸਾਬ ਨਾਲ ਸਭ ਤੋਂ ਪਸੰਦੀਦਾ ਸਕੂਲ ਸੈਕਟਰ 16, 18, 19, 35, 37 ਤੇ ਮਨੀਮਾਜਰਾ ਕੰਪਲੈਕਸ ਦੇ ਮਾਡਲ ਸਕੂਲ ਰਹੇ ਹਨ। ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿਚ ਦਾਖਲਾ ਫੀਸਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਕਰਕੇ ਮੱਧ ਵਰਗ ਦੇ ਮਾਪੇ ਚੰਡੀਗੜ੍ਹ ਦੇ ਮਾਡਲ ਸਕੂਲਾਂ ਨੂੰ ਤਰਜੀਹ ਦਿੰਦੇ ਹਨ।
ਚਾਰ ਸਕੂਲਾਂ ਵਿਚ ਸ਼ਿਕਾਇਤ ਕੇਂਦਰ ਬਣਾਏ
ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਚਾਰ ਸਰਕਾਰੀ ਸਕੂਲਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-10, 18-ਸੀ, 28 ਅਤੇ 35 ਵਿਚ ਸ਼ਿਕਾਇਤ ਕੇਂਦਰ ਸਥਾਪਤ ਕੀਤੇ ਹਨ। । ਇਸ ਤੋਂ ਇਲਾਵਾ ਵਿਭਾਗ ਨੇ 10 ਸਰਕਾਰੀ ਸਕੂਲਾਂ ਦੇ ਲੈਕਚਰਾਰਾਂ ਦੇ ਮੋਬਾਈਲ ਨੰਬਰ ਵੀ ਪ੍ਰਾਸਪੈਕਟਸ ਵਿਚ ਅਪਲੋਡ ਕੀਤੇ ਹਨ ਜੋ ਸਵੇਰੇ 9 ਤੋਂ 1 ਵਜੇ ਤਕ ਵਿਦਿਆਰਥੀਆਂ ਦੀ ਫਾਰਮ ਭਰਨ ਵਿਚ ਮਦਦ ਕਰਨਗੇ। ਇਸ ਤੋਂ ਇਲਾਵਾ ਵਿਦਿਆਰਥੀ ਕਿਸੇ ਵੀ ਸੀਨੀਅਰ ਸੈਕੰਡਰੀ ਸਕੂਲ ਵਿਚ ਜਾ ਕੇ ਦਾਖਲੇ ਲਈ ਮਦਦ ਲੈ ਸਕਦੇ ਹਨ।
ਦਾਖ਼ਲੇ ਦੀਆਂ ਤਾਰੀਖਾਂ ਤੇ ਵੇਰਵਾ
ਆਨਲਾਈਨ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ: 9 ਅਗਸਤ ਸ਼ਾਮ ਪੰਜ ਵਜੇ ਤਕ
ਕਾਮਨ ਮੈਰਿਟ ਸੂਚੀ ਜਾਰੀ ਹੋਵੇਗੀ: 12 ਅਗਸਤ ਨੂੰ ਸਵੇਰੇ 11 ਵਜੇ
ਇਤਰਾਜ਼ ਦਾਖ਼ਲ ਕਰਨ ਦੀ ਮਿਤੀ : 12 ਤੋਂ 14 ਅਗਸਤ ਨੂੰ ਦੁਪਹਿਰ 1 ਵਜੇ ਤੱਕ
ਸਕੂਲ ਤੇ ਸਟਰੀਮ ਜਾਰੀ ਹੋਵੇਗੀ: 19 ਅਗਸਤ ਨੂੰ ਦੁਪਹਿਰ 12 ਵਜੇ