ਪੱਤਰ ਪ੍ਰੇਰਕ
ਚੰਡੀਗੜ੍ਹ, 15 ਜੂਨ
ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਨਾਲ ਅੱਜ 40 ਵਿਅਕਤੀਆਂ ਦੇ ਪੀੜਤ ਹੋਣ ਦਾ ਸਮਾਂਚਾਰ ਹੈ ਜਦੋਂਕਿ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਹੜੇ ਕਿ ਕਰੋਨਾ ਦੇ ਨਾਲ-ਨਾਲ ਹੋਰ ਬਿਮਾਰੀਆਂ ਤੋਂ ਵੀ ਪੀੜਤ ਸਨ। ਇਹ ਮਰੀਜ਼ ਸੈਕਟਰ 49, ਫੈਦਾਂ, ਮੌਲੀ ਜਾਗਰਾਂ ਦੇ ਵਸਨੀਕ ਸਨ। ਸ਼ਹਿਰ ’ਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 486 ਰਹਿ ਗਿਆ ਹੈ।
ਐਸ.ਏ.ਐਸ. ਨਗਰ (ਮੁਹਾਲੀ), (ਪੱਤਰ ਪ੍ਰੇਰਕ) ਮੁਹਾਲੀ ਜ਼ਿਲ੍ਹੇ ’ਚ ਮੰਗਲਵਾਰ ਨੂੰ ਕਰੋਨਾ ਦੇ 53 ਨਵੇਂ ਮਾਮਲੇ ਸਾਹਮਣੇ ਆਏ ਹਨ। ਸਮੁੱਚੇ ਜ਼ਿਲ੍ਹੇ ਵਿੱਚ ਹੁਣ ਤੱਕ ਮਹਾਮਾਰੀ ਤੋਂ ਪੀੜਤਾਂ ਦੀ ਗਿਣਤੀ 67 ਹਜ਼ਾਰ 876 ’ਤੇ ਪਹੁੰਚ ਗਈ ਹੈ। ਅੱਜ 93 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਅੱਜ ਚਾਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ।
ਪੰਚਕੂਲਾ (ਪੱਤਰ ਪ੍ਰੇਰਕ) ਪੰਚਕੂਲਾ ਵਿੱਚ ਅੱਜ 23 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ 20 ਕਰੋਨਾ ਕੇਸ ਪੰਚਕੂਲਾ ਦੇ ਹਨ ਤੇ ਬਾਕੀ ਗੁਆਂਢੀ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਇਨ੍ਹਾਂ ਮਰੀਜ਼ਾਂ ਵਿੱਚ 11 ਆਦਮੀ ਤੇ 9 ਔਰਤਾਂ ਸ਼ਾਮਲ ਹਨ। ਜ਼ਿਲ੍ਹੇ ਵਿੱਚ ਦੋ ਕਰੋਨਾ ਪਾਜ਼ੇਟਿਵ ਮਰੀਜਾਂ ਦੀ ਮੌਤ ਹੋਈ ਹੈ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਅੱਜ ਕਰੋਨਾ ਕਾਰਨ 1 ਮੌਤ ਹੋ ਗਈ ਜਦੋਂਕਿ 19 ਨਵੇਂ ਮਾਮਲੇ ਸਾਹਮਣੇ ਆਏ ਹਨ।
ਰੂਪਨਗਰ (ਪੱਤਰ ਪ੍ਰੇਰਕ) ਰੂਪਨਗਰ ਜ਼ਿਲ੍ਹੇ ਵਿੱਚ ਅੱਜ 16 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂਕਿ ਇੱਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ। ਹੁਣ ਜ਼ਿਲ੍ਹੇ ’ਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ ਘਟ ਕੇ 246 ਰਹਿ ਗਈ ਹੈ।