ਪੱਤਰ ਪ੍ਰੇਰਕ
ਚੰਡੀਗੜ੍ਹ, 17 ਜਨਵਰੀ
ਚੰਡੀਗੜ੍ਹ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਚਿੰਤਾ ਅੱਜ ਉਸ ਸਮੇਂ ਵਧ ਗਈ ਹੈ ਜਦੋਂ ਆਈ.ਐਮ.ਟੈੱਕ. ਨੂੰ ਭੇਜੇ ਗਏ 20 ਸੈਂਪਲਾਂ ਵਿੱਚੋਂ 10 ਮਰੀਜ਼ ਡੈਲਟਾ ਅਤੇ 10 ਮਰੀਜ਼ ਓਮੀਕਰੋਨ ਰੂਪ ਦੇ ਨਿਕਲੇ। ਸਿਹਤ ਵਿਭਾਗ ਮੁਤਾਬਕ ਚੰਡੀਗੜ੍ਹ ਤੋਂ 21 ਦਸੰਬਰ 2021 ਤੋਂ 2 ਜਨਵਰੀ 2022 ਦੇ ਦਰਮਿਆਨ ਵਾਲੇ ਕੋਵਿਡ-19 ਦੇ ਪਾਜ਼ੇਟਿਵ ਸੈਂਪਲ ਲੈਬਾਰਟਰੀ ਨੂੰ ਟੈਸਟਿੰਗ ਲਈ ਭੇਜੇ ਗਏ ਸਨ। ਅੱਜ ਦੇਰ ਸ਼ਾਮ ਆਈਆਂ ਰਿਪੋਰਟਾਂ ਵਿੱਚ ਪਤਾ ਲੱਗਿਆ ਕਿ 10 ਸੈਂਪਲਾਂ ਵਿੱਚ ਡੈਲਟਾ ਰੂਪ ਅਤੇ 10 ਵਿੱਚ ਓਮੀਕਰੋਨ ਰੂਪ ਪਾਇਆ ਗਿਆ ਹੈ। ਓਮੀਕਰੋਨ ਦੇ ਮਰੀਜ਼ਾਂ ਵਿੱਚੋਂ 9 ਮਰੀਜ਼ ਚੰਡੀਗੜ੍ਹ ਦੇ ਵਸਨੀਕ ਹਨ ਜਦਕਿ ਇੱਕ ਮਰੀਜ਼ ਉਹ ਹੈ ਜੋ ਕਿ ਆਸਟਰੇਲੀਆ ਤੋਂ ਵਾਪਸ ਆਇਆ ਸੀ। ਇਨ੍ਹਾਂ ਰਿਪੋਰਟਾਂ ਤੋਂ ਬਾਅਦ ਯੂ.ਟੀ. ਚੰਡੀਗੜ੍ਹ ਦਾ ਸਿਹਤ ਵਿਭਾਗ ਕਾਫ਼ੀ ਚਿੰਤਤ ਹੈ ਜਿਸ ਕਾਰਨ ਨਾਗਰਿਕਾਂ ਨੂੰ ਕੋਵਿਡ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ।
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ 864 ਨਵੇਂ ਮਰੀਜ਼
ਚੰਡੀਗੜ੍ਹ (ਪੱਤਰ ਪ੍ਰੇਰਕ): ਇੱਥੇ ਨੋਵਲ ਕਰੋਨਾਵਾਇਰਸ ਦੇ ਤਾਜ਼ਾ ਮਾਮਲਿਆਂ ਦੀ ਗਿਣਤੀ ਅੱਜ ਪਿਛਲੇ ਦਿਨਾਂ ਨਾਲੋਂ ਅੱਧੀ ਰਹੀ। ਅੱਜ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚੋਂ ਕਰੋਨਾ ਦੇ ਕੁੱਲ 864 ਮਰੀਜ਼ ਸਾਹਮਣੇ ਆਏ ਜਿਸ ਦੌਰਾਨ ਮਰੀਜ਼ਾਂ ਦਾ ਕੁੱਲ ਅੰਕੜਾ 9104 ਹੋ ਗਿਆ ਹੈ। ਇਸ ਤੋਂ ਇਲਾਵਾ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇਂ ਮਰੀਜ਼ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ।
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਕਰੋਨਾ ਮਹਾਮਾਰੀ ਦੇ 702 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂਕਿ ਦੋ ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਗਈ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਅੱਜ 649 ਨਵੇਂ ਕਰੋਨਾ ਕੇਸ ਸਾਹਮਣੇ ਆਏ। ਪੰਚਕੂਲਾ ਦੇ ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਅੰਬਾਲਾ (ਪੱਤਰ ਪ੍ਰੇਰਕ): ਅੰਬਾਲਾ ਜ਼ਿਲ੍ਹੇ ਵਿੱਚ ਅੱਜ 401 ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਸਰਗਰਮ ਮਰੀਜ਼ਾਂ ਦੀ ਕੁੱਲ ਗਿਣਤੀ 3767 ਹੋ ਗਈ ਹੈ। ਅੱਜ ਕਰੋਨਾ ਨੇ ਨਰਾਇਣਗੜ੍ਹ ਦੀ 40 ਸਾਲਾ ਮਹਿਲਾ ਦੀ ਜਾਨ ਲੈ ਲਈ। ਉਹ ਟੀਬੀ ਦੀ ਮਰੀਜ਼ ਸੀ ਅਤੇ ਆਕਸੀਜਨ ਸਪੋਰਟ ’ਤੇ ਸੀ।
ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਜ਼ਿਲ੍ਹੇ ’ਚ ਅੱਜ ਇੱਕੋ ਦਿਨ 205 ਮਰੀਜ਼ਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚੋਂ 83 ਕੇਸ ਪੇਂਡੂ ਅਤੇ 122 ਕੇਸ ਸ਼ਹਿਰੀ ਖੇਤਰ ਨਾਲ ਸਬੰਧਤ ਹਨ।