ਹਰਜੀਤ ਸਿੰਘ
ਜ਼ੀਰਕਪੁਰ, 24 ਜੁਲਾਈ
ਇੱਥੋਂ ਦੇ ਸਿੰਘਪੁਰਾ ਚੌਕ ਤੇ ਬਣੇ ਟੈਕਸੀ ਸਟੈਂਡ ਤੋਂ ਲਿਫ਼ਟ ਦੇਣ ਦੇ ਬਹਾਨੇ ਟੈਕਸੀ ਸਵਾਰ ਤਿੰਨ ਜਣਿਆਂ ਵੱਲੋਂ ਇੱਕ ਮੁਸਾਫ਼ਿਰ ਤੋਂ ਸਵਾ ਲੱਖ ਰੁਪਏ ਲੁੱਟ ਲਏ ਗਏ। ਪੀੜਤ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਬਿਸ਼ਨਪੁਰਾ ਵਿੱਚ ਠੇਕੇਦਾਰ ਕੋਲ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ।
ਜਾਣਕਾਰੀ ਮੁਤਾਬਕ ਸ਼ਾਮ ਕਰੀਬ 5 ਵਜੇ ਉਹ ਦਿੱਲੀ ਜਾਣ ਲਈ ਸਿੰਘਪੁਰਾ ਚੌਕ ਤੋਂ ਬੱਸ ਫੜਨ ਲਈ ਪਹੁੰਚਿਆ ਸੀ। ਉੱਥੇ ਪਹਿਲਾਂ ਹੀ ਖੜ੍ਹੇ ਇੱਕ ਵਿਅਕਤੀ ਵੱਲੋਂ ਪੁੱਛਣ ’ਤੇ ਉਸਨੇ ਦਿੱਲੀ ਜਾਣ ਬਾਰੇ ਦੱਸਿਆ। ਉਸ ਨੇ ਕਿਹਾ ਕਿ ਉਹ ਵੀ ਦਿੱਲੀ ਜਾ ਰਿਹਾ ਹੈ ਤੇ ਉਹ ਇਕੱਠੇ ਟੈਕਸੀ ਵਿੱਚ ਚੱਲਦੇ ਹਨ। ਉਹ ਦਿੱਲੀ ਜਾਣ ਲਈ ਉਸ ਵਿਅਕਤੀ ਨਾਲ ਟੈਕਸੀ ਵਿੱਚ ਬੈਠ ਗਿਆ ਜਿਸ ਵਿੱਚ ਪਹਿਲਾਂ ਤੋਂ ਹੀ ਦੋ ਵਿਅਕਤੀ ਸਵਾਰ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਡੇਰਾਬੱਸੀ ਪਹੁੰਚੇ ਤਾਂ ਉਸ ਨਾਲ ਬੈਠੇ ਵਿਅਕਤੀ ਨੇ ਉਸ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਕੋਲ ਮੌਜੂਦ ਬੈਗ ਖੋਹ ਲਿਆ ਤੇ ਉਸ ਨੂੰ ਲਾਲੜੂ ਤੋਂ ਥੋੜ੍ਹਾ ਅੱਗੇ ਜਾ ਕੇ ਉਤਾਰ ਦਿੱਤਾ। ਅਨਿਲ ਕੁਮਾਰ ਨੇ ਦੱਸਿਆ ਕਿ ਬੈਗ ਵਿੱਚ 80 ਹਜ਼ਾਰ ਰੁਪਏ ਅਤੇ ਉਸਦਾ ਪਰਸ ਸੀ ਜਿਸ ਵਿੱਚ ਏਟੀਐਮ ਕਾਰਡ ਮੌਜੂਦ ਸੀ।
ਉਸ ਦੇ ਅੰਦਰ ਪਏ ਇੱਕ ਕਾਗਜ਼ ’ਤੇ ਲਿਖੇ ਕਾਗਜ਼ ’ਤੇ ਉਸਦੇ ਪਾਸਵਰਡ ਰਾਹੀਂ ਉਨ੍ਹਾਂ 40 ਹਜ਼ਾਰ ਰੁਪਏ ਕਢਵਾ ਲਏ ਅਤੇ ਉਸ ਦਾ ਖਾਣ ਪੀਣ ਦਾ ਸਾਮਾਨ ਅਤੇ ਮੋਬਾਈਲ ਵੀ ਖੋਹ ਕੇ ਲੈ ਗਏ। ਜ਼ੀਰਕਪੁਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਪਰ ਇਹ ਵਾਰਦਾਤ ਡੇਰਾਬੱਸੀ ਖੇਤਰ ਵਿੱਚ ਹੋਈ ਹੈ ਜਿਸ ਕਾਰਨ ਸ਼ਿਕਾਇਤਕਰਤਾ ਨੂੰ ਡੇਰਾਬੱਸੀ ਥਾਣੇ ਭੇਜ ਦਿੱਤਾ ਗਿਆ ਹੈ।
ਸ਼ਿਕਾਇਤ ਮਿਲਣ ’ਤੇ ਕਾਰਵਾਈ ਕਰਾਂਗੇ: ਐੱਸਐੱਚਓ
ਐੱਸਐੱਚਓ ਡੇਰਾਬੱਸੀ ਜਤਿਨ ਕਪੂਰ ਨੇ ਦੱਸਿਆ ਕਿ ਉਨ੍ਹਾਂ ਕੋਲ ਅਜਿਹੀ ਕੋਈ ਵੀ ਸ਼ਿਕਾਇਤ ਨਹੀਂ ਪਹੁੰਚੀ ਹੈ। ਸ਼ਿਕਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।