ਨਵੀਂ ਦਿੱਲੀ, 29 ਸਤੰਬਰ
ਸਰਕਾਰ ਨੇ ਏਅਰ ਇੰਡੀਆ ਦੇ ਗ੍ਰਹਿਣ ਲਈ ਟਾਟਾ ਸਮੂਹ ਤੇ ਸਪਾਈਸਜੈੱਟ ਦੇ ਸੰਸਥਾਪਕ ਦੀਆਂ ਵਿੱਤੀ ਬੋਲੀਆਂ ਦਾ ਮੁਲਾਂਕਣ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਜਨਤਕ ਖੇਤਰ ਦੀ ਇਸ ਹਵਾਈ ਸੇਵਾ ਕੰਪਨੀ ਦੇ ਨਿੱਜੀਕਰਨ ਦੀ ਪ੍ਰਕਿਰਿਆ ਅਗਲੇ ਗੇੜ ਵੱਲ ਵਧ ਚੁੱਕੀ ਹੈ। ਸਰਕਾਰ ਸੌਦਾ ਜਲਦੀ ਪੂਰਾ ਕਰਨ ਦੀ ਇੱਛੁਕ ਹੈ। ਬਿਨਾ ਐਲਾਨੇ ਰਾਖਵੇਂ ਮੁੱਲ ਦੇ ਆਧਾਰ ’ਤੇ ਵਿੱਤੀ ਬੋਲੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਜਿਸ ਬੋਲੀ ਵਿਚ ਤੈਅ ਕੀਤੇ ਗਏ ਮੁੱਲ ਨਾਲੋਂ ਜ਼ਿਆਦਾ ਕੀਮਤ ਪੇਸ਼ ਕੀਤੀ ਹੋਵੇਗੀ, ਉਸ ਨੂੰ ਸਵੀਕਾਰ ਕੀਤਾ ਜਾਵੇਗਾ। ਜੇਕਰ ਟਾਟਾ ਦੀ ਬੋਲੀ ਸਫ਼ਲ ਹੁੰਦੀ ਹੈ ਤਾਂ ਏਅਰ ਇੰਡੀਆ 67 ਸਾਲਾਂ ਬਾਅਦ ਮੁੜ ਟਾਟਾ ਸਮੂਹ ਕੋਲ ਚਲੀ ਜਾਵੇਗੀ। ਜ਼ਿਕਰਯੋਗ ਹੈ ਕਿ ਟਾਟਾ ਸਮੂਹ ਨੇ ਅਕਤੂਬਰ, 1932 ਵਿਚ ਟਾਟਾ ਏਅਰਲਾਈਨਜ਼ ਦੇ ਨਾਂ ਨਾਲ ਏਅਰ ਇੰਡੀਆ ਦਾ ਗਠਨ ਕੀਤਾ ਸੀ ਜਿਸ ਨੂੰ 1953 ਵਿਚ ਸਰਕਾਰ ਨੇ ਕੌਮੀਕ੍ਰਿਤ ਕਰ ਦਿੱਤਾ ਸੀ। -ਪੀਟੀਆਈ