ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਅੱਜ ਪੂਰੇ ਦੇਸ਼ ਵਿਚ 14 ਹਜ਼ਾਰ ਤੋਂ ਵੱਧ ਸਕੂਲਾਂ ਦੇ ਵਿਕਾਸ ਲਈ 27,360 ਕਰੋੜ ਰੁਪਏ ਦੀ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਸਕੂਲਾਂ ਦਾ ਵਿਕਾਸ ‘ਪੀਐੱਮ-ਸ੍ਰੀ’ (ਪੀਐੱਮ ਸਕੂਲਜ਼ ਫਾਰ ਰਾਈਜ਼ਿੰਗ ਇੰਡੀਆ) ਸਕੀਮ ਤਹਿਤ ਕੀਤਾ ਜਾਵੇਗਾ ਜਿਸ ਨਾਲ 18.7 ਲੱਖ ਵਿਦਿਆਰਥੀਆਂ ਨੂੰ ਲਾਭ ਪਹੁੰਚੇਗਾ। ਕੇਂਦਰੀ ਤੇ ਨਵੋਦਿਆ ਵਿਦਿਆਲਿਆਂ, ਰਾਜ ਸਰਕਾਰਾਂ ਤੇ ਨਿਗਮਾਂ ਤਹਿਤ ਆਉਂਦੇ ਸਕੂਲਾਂ ਨੂੰ ਇਸ ਸਕੀਮ ਦੇ ਘੇਰੇ ਵਿਚ ਲਿਆਂਦਾ ਜਾਵੇਗਾ। ਕੇਂਦਰੀ ਮੰਤਰੀਆਂ ਧਰਮੇਂਦਰ ਪ੍ਰਧਾਨ ਤੇ ਅਨੁਰਾਗ ਠਾਕੁਰ ਨੇ ਮੀਡੀਆ ਨੂੰ ਦੱਸਿਆ ਕਿ ਪੰਜ ਸਾਲਾਂ ਲਈ ਪ੍ਰਾਜੈਕਟ ਦੀ ਕੁੱਲ ਕੀਮਤ 27,360 ਕਰੋੜ ਰੁਪਏ ਹੋਵੇਗੀ, ਜਿਸ ਵਿਚ ਕੇਂਦਰ ਸਰਕਾਰ ਦੀ ਹਿੱਸੇਦਾਰੀ 18,128 ਕਰੋੜ ਰੁਪਏ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਕੀਮ ਦਾ ਐਲਾਨ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਚਲਾਏ ਜਾ ਰਹੇ ਮੌਜੂਦਾ ਸਕੂਲਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਇਨ੍ਹਾਂ ਸਕੂਲਾਂ ਦੀ ਲਗਾਤਾਰ ਸਮੀਖ਼ਿਆ ਵੀ ਕੀਤੀ ਜਾਵੇਗੀ ਤੇ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਿਚ ਆ ਰਹੀਆਂ ਚੁਣੌਤੀਆਂ ਨੂੰ ਵੀ ਸਮਝਿਆ ਜਾਵੇਗਾ। ਸਿੱਖਿਆ ਤੇ ਕੌਸ਼ਲ ਵਿਕਾਸ ਮੰਤਰੀ ਪ੍ਰਧਾਨ ਨੇ ਦੱਸਿਆ ਕਿ ‘ਪੀਐੱਮ ਸ੍ਰੀ’ ਸਕੂਲ ਆਪੋ-ਆਪਣੇ ਖੇਤਰਾਂ ਦੇ ਹੋਰਾਂ ਸਕੂਲਾਂ ਨੂੰ ਸੇਧ ਵੀ ਦੇਣਗੇ। ਇਨ੍ਹਾਂ ਨੂੰ ‘ਗਰੀਨ ਸਕੂਲਾਂ’ ਵਜੋਂ ਵਿਕਸਿਤ ਕੀਤਾ ਜਾਵੇਗਾ। -ਪੀਟੀਆਈ