ਨਵੀਂ ਦਿੱਲੀ/ਚੇਨੱਈ, 25 ਨਵੰਬਰ
ਭਾਰਤੀ ਰਿਜ਼ਰਵ ਬੈਂਕ ਨੇ ਅੱਜ ਕਿਹਾ ਕਿ ਲਕਸ਼ਮੀ ਵਿਲਾਸ ਬੈਂਕ (ਐੱਲਵੀਬੀ) 27 ਨਵੰਬਰ ਤੋਂ ਰਸਮੀ ਤੌਰ ’ਤੇ ਸਿੰਗਾਪੁਰ ਆਧਾਰਿਤ ਡੀਬੀਐੱਸ ਬੈਂਕ ਵਿੱਚ ਜਜ਼ਬ ਹੋ ਜਾਵੇਗਾ। ਕੇਂਦਰ ਸਰਕਾਰ ਨੇ ਰਲੇਵੇਂ ਸਬੰਧੀ ਸਕੀਮ ਨੂੰ ਅੱਜ ਅਧਿਕਾਰਤ ਗਜ਼ਟ ਵਿੱਚ ਨੋਟੀਫਾਈ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਡੀਬੀਐੱਸ ਬੈਂਕ ਇੰਡੀਆ ਦੀਆਂ 33 ਦੇ ਕਰੀਬ ਸ਼ਾਖਾਵਾਂ ਹਨ ਤੇ ਇਸ ਦਾ ਡਿਪਾਜ਼ਿਟ ਬੇਸ 20 ਹਜ਼ਾਰ ਕਰੋੜ ਰੁਪਏ ਦਾ ਹੈ ਤੇ ਮੁਲਾਜ਼ਮਾਂ ਦੀ ਗਿਣਤੀ ਵੀ ਘੱਟ ਹੈ ਜਦੋਂਕਿ ਲਕਸ਼ਮੀ ਵਿਲਾਸ ਬੈਂਕ ਦਾ 563 ਸ਼ਾਖਾਵਾਂ ਦਾ ਨੈੱਟਵਰਕ ਹੈ। ਐੱਲਵੀਬੀ ਦਾ ਡਿਪਾਜ਼ਿਟ ਬੇਸ ਵੀ 20 ਹਜ਼ਾਰ ਕਰੋੜ ਦਾ ਹੈ ਤੇ ਇਸ ਦੇ 20 ਲੱਖ ਤੋਂ ਵੱਧ ਡਿਪਾਜ਼ਿਟਰ ਹਨ। ਇਸ ਦੋਰਾਨ ਰਲੇਵੇਂ ਦੇ ਐਲਾਨ ਮਗਰੋਂ ਲਕਸ਼ਮੀ ਵਿਲਾਸ ਬੈਂਕ ਦੇ ਸ਼ੇਅਰਾਂ ਨੇ ਸਟਾਕ ਮਾਰਕੀਟ ਵਿੱਚ ਪੰਜ ਫੀਸਦ ਦਾ ਉਛਾਲ ਦਰਜ ਕੀਤਾ ਹੈ। -ਪੀਟੀਆਈ