ਨਵੀਂ ਦਿੱਲੀ, 14 ਜੂਨ
ਕੱਚੇ ਤੇਲ ਅਤੇ ਉਤਪਾਦਕ ਵਸਤਾਂ ਦੀਆਂ ਥੋਕ ਕੀਮਤਾਂ ’ਚ ਵਾਧੇ ਕਾਰਨ ਥੋਕ ਕੀਮਤ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਦਰ (ਡਬਲਿਊਪੀਆਈ) ਮਈ ’ਚ ਵਧ ਕੇ ਰਿਕਾਰਡ ਪੱਧਰ 12.94 ਫ਼ੀਸਦ ’ਤੇ ਪਹੁੰਚ ਗਈ ਹੈ। ਪਿਛਲੇ ਸਾਲ ਮਈ ਮਹਿੰਗਾਈ ਦਰ ਸਿਫ਼ਰ ਤੋਂ 3.37 ਫ਼ੀਸਦ ਹੇਠਾਂ ਸੀ। ਮੌਜੂਦਾ ਵਰ੍ਹੇ ਅਪਰੈਲ ’ਚ ਡਬਲਿਊਪੀਆਈ ਮਹਿੰਗਾਈ ਦਰ ਦੂਹਰੇ ਅੰਕੜੇ 10.49 ਫ਼ੀਸਦ ’ਤੇ ਪਹੁੰਚੀ ਸੀ। ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਥੋਕ ਕੀਮਤ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਦਰ ਵਧੀ ਹੈ। ਉਧਰ ਪਰਚੂਨ ਮਹਿੰਗਾਈ ਦਰ ਮਈ ’ਚ ਭਾਰਤੀ ਰਿਜ਼ਰਵ ਬੈਂਕ ਦੇ ਅੰਦਾਜ਼ਿਆਂ ਨਾਲੋਂ ਵੱਧ ਕੇ 6.3 ਫ਼ੀਸਦ ’ਤੇ ਪਹੁੰਚ ਗਈ। ਖਪਤਕਾਰ ਕੀਮਤ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ ਅਪਰੈਲ ’ਚ 4.23 ਫ਼ੀਸਦ ਸੀ। ਕੌਮੀ ਅੰਕੜਾ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਈ ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 5.01 ਫ਼ੀਸਦ ਰਹੀ ਜੋ ਉਸ ਤੋਂ ਪਿਛਲੇ ਮਹੀਨੇ ਦੇ ਮੁਕਾਬਲੇ ’ਚ 1.96 ਫ਼ੀਸਦ ਜ਼ਿਆਦਾ ਹੈ।ਵਣਜ ਅਤੇ ਸਨਅਤ ਮੰਤਰਾਲੇ ਨੇ ਕਿਹਾ,‘‘ਮਈ ’ਚ ਮਹਿੰਗਾਈ ਵਧਣ ਦਾ ਮੁੱਖ ਕਾਰਨ ਪੈਟਰੇਲ, ਡੀਜ਼ਲ, ਫਰਨੇਸ ਆਇਲ ਆਦਿ ਪੈਟਰੋਲੀਅਮ ਉਤਪਾਦਾਂ ਅਤੇ ਬਣੀਆਂ ਵਸਤਾਂ ਦੀਆਂ ਕੀਮਤਾਂ ’ਚ ਵਾਧਾ ਹੈ।’’ ਮਈ ਮਹੀਨੇ ਦੌਰਾਨ ਆਲਮੀ ਜਿਣਸਾਂ ਦੀਆਂ ਕੀਮਤਾਂ ’ਚ ਮਜ਼ਬੂਤੀ ਕਾਰਨ ਈਂਧਣ ਅਤੇ ਬਿਜਲੀ ਵਰਗ ’ਚ ਥੋਕ ਮਹਿੰਗਾਈ ਦਰ ਵਧ ਕੇ 37.61 ਫ਼ੀਸਦ ਹੋ ਗਈ ਜੋ ਅਪਰੈਲ ’ਚ 20.94 ਫ਼ੀਸਦ ਸੀ। ਪਿਛਲੇ ਸਾਲ ਮਈ ’ਚ ਦੁਨੀਆ ਭਰ ’ਚ ਲੌਕਡਾਊਨ ਕਾਰਨ ਕੱਚੇ ਤੇਲ ਅਤੇ ਹੋਰ ਈਂਧਣ ਦੀਆਂ ਕੀਮਤਾਂ ਟੁੱਟ ਗਈਆਂ ਸਨ। ਉਤਪਾਦ ਬਣਾਉਣ ਦੀ ਮਹਿੰਗਾਈ ਦਰ ਅਪਰੈਲ ਦੇ 9.01 ਫ਼ੀਸਦ ਦੇ ਮੁਕਾਬਲੇ ’ਚ ਮਈ ’ਚ 10.83 ਫ਼ੀਸਦ ਦਰਜ ਹੋਈ।
ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਮਈ ’ਚ ਮਾਮੂਲੀ ਤੌਰ ’ਤੇ ਘੱਟ ਕੇ 4.31 ਫ਼ੀਸਦ ’ਤੇ ਆ ਗਈ। ਉਂਜ ਇਸ ਦੌਰਾਨ ਪਿਆਜ਼ ਦੀਆਂ ਕੀਮਤਾਂ ਵੱਧ ਗਈਆਂ। ਪਿਆਜ਼ ਦੀਆਂ ਕੀਮਤਾਂ ਮਈ ’ਚ ਸਾਲਾਨਾ ਆਧਾਰ ’ਤੇ 23.24 ਫ਼ੀਸਦ ਵੱਧ ਸੀ। ਅਪਰੈਲ ’ਚ ਇਸ ਦੇ ਥੋਕ ਰੇਟ ਇਕ ਸਾਲ ਪਹਿਲਾਂ ਨਾਲੋਂ 19.72 ਫ਼ੀਸਦ ਘੱਟ ਸਨ। -ਪੀਟੀਆਈ
ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਬਣਦਾ ਹੈ: ਚਿਦੰਬਰਮ
ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਅੱਜ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਦਰ ਦੇ ਅਸਮਾਨੀਂ ਪੁੱਜਣ ਦੀ ਇਕ ਮੁੱਖ ਵਜ੍ਹਾ ਤੇਲ ਕੀਮਤਾਂ ਵਿੱਚ ਨਿੱਤ ਦਾ ਵਾਧਾ ਹੈ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਨਾਲ ਜੁੜੇ ਅੰਕੜੇ ਸਰਕਾਰ ਨੂੰ ਇਕ ਸਮਰੱਥ ਆਰਥਿਕ ਪ੍ਰਬੰਧਨ ਲਈ ਮਿਲੇ ਵਧੇਰੇ ਨੰਬਰ ਹਨ। ਸਾਬਕਾ ਵਿੱਤ ਮੰਤਰੀ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ, ਜਦੋਂ ਮਈ ਵਿੱਚ ਪਰਚੂਨ ਮਹਿੰਗਾਈ ਦਰ ਵੱਧ ਦੇ 6.3 ਫੀਸਦ ਹੋ ਗਈ ਹੈ, ਜੋ ਆਰਬੀਆਈ ਦੇ ਅਨੁਮਾਨ ਤੋਂ ਕਿਤੇ ਵੱਧ ਹੈ। ਚਿਦੰਬਰਮ ਨੇ ਇਕ ਟਵੀਟ ਵਿੱਚ ਕਿਹਾ, ‘ਥੋਕ ਕੀਮਤ ਸੂਚਕ (ਡਬਲਿਊਪੀਆਈ) ਅੰਕ 12.94 ਫੀਸਦ ਤੇ ਖਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) 6.3 ਫੀਸਦ ਹੈ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕੇ ਅਜਿਹਾ ਕਿਉਂ ਹੈ? ਈਂਧਣ ਤੇ ਬਿਜਲੀ ਆਧਾਰਿਤ ਮਹਿੰਗਾਈ ਦਰ 37.61 ਫੀਸਦ ਹੈ। ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਵਧਦੀਆਂ ਕੀਮਤਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਕਰਨਾ ਬਣਦਾ ਹੈ।’ -ਪੀਟੀਆਈ
ਪੈਟਰੋਲ ਅਤੇ ਡੀਜ਼ਲ ਹੋਰ ਮਹਿੰਗੇ ਹੋਏ
ਨਵੀਂ ਦਿੱਲੀ: ਤੇਲ ਕੀਮਤਾਂ ’ਚ ਅੱਜ ਹੋਏ ਸੱਜਰੇ ਵਾਧੇ ਨਾਲ ਮੁੰਬਈ ਮਗਰੋਂ ਹੈਦਰਾਬਾਦ ਦੇਸ਼ ਦਾ ਦੂਜਾ ਮਹਾਨਗਰ ਬਣ ਗਿਆ ਹੈ ਜਿੱਥੇ ਪੈਟਰੋਲ ਦਾ ਭਾਅ 100 ਰੁਪਏ ਪ੍ਰਤੀ ਲਿਟਰ ਤੋਂ ਵੱਧ ਹੋ ਗਿਆ ਹੈ। ਤੇਲ ਕੰਪਨੀਆਂ ਵੱਲੋਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਕ੍ਰਮਵਾਰ 29 ਅਤੇ 30 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਲੱਗਪਗ ਛੇ ਹਫ਼ਤਿਆਂ ’ਚ 24ਵੀਂ ਵਾਰ ਕੀਤੇ ਵਾਧੇ ਨਾਲ ਦੇਸ਼ ਅੰਦਰ ਤੇਲ ਕੀਮਤਾਂ ਰਿਕਾਰਡ ਉਚਾਈ ’ਤੇ ਪਹੁੰਚ ਗਈਆਂ ਹਨ। ਤਿਲੰਗਾਨਾ ਦੇ ਕਈ ਜ਼ਿਲ੍ਹਿਆਂ ’ਚ ਪੈਟਰੋਲ ਦੀ ਕੀਮਤ ਪਹਿਲਾਂ ਹੀ 100 ਰੁਪਏ ਤੋਂ ਵੱਧ ਸੀ ਅਤੇ ਅੱਜ ਹੋਏ ਸੱਜਰੇ ਵਾਧੇ ਨਾਲ ਸੂਬੇ ਦੀ ਰਾਜਧਾਨੀ ਹੈਦਰਾਬਾਦ ਵੀ ਇਸ ਵਿੱਚ ਸ਼ਾਮਲ ਹੋ ਗਈ, ਜਿੱਥੇ ਹੁਣ ਪੈਟਰੋਲ 100.20 ਰੁਪਏ ਅਤੇ ਡੀਜ਼ਲ 95.14 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਹੈਦਰਾਬਾਦ ਦੇਸ਼ ਦਾ ਦੂਜਾ ਮੈਟਰੋ ਸ਼ਹਿਰ ਹੈ ਜਿੱਥੇ ਪੈਟਰੋਲ ਦਾ ਭਾਅ ਸੌ ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋਇਆ ਹੈ, ਜਦਕਿ ਇਸ ਤੋਂ ਪਹਿਲਾਂ ਮੁੰਬਈ ’ਚ 29 ਮਈ ਨੂੰ ਪੈਟਰੋਲ ਦੀ ਕੀਮਤ ਸੌ ਰੁਪਏ ਪ੍ਰਤੀ ਲਿਟਰ ਤੋਂ ਟੱਪ ਗਈ ਸੀ। ਸੱਤ ਸੂੁਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਿਲੰਗਾਨਾ, ਕਰਨਾਟਕ ਅਤੇ ਲੱਦਾਖ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਵੱਧ ਹੈ। -ਪੀਟੀਆਈ