ਨਵੀਂ ਦਿੱਲੀ, 1 ਜਨਵਰੀ
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦਿੱਲੀ, ਜਾਮੀਆ ਮਿਲੀਆ ਇਸਲਾਮੀਆ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਅਤੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਉਨ੍ਹਾਂ 6,000 ਸੰਸਥਾਵਾਂ ਵਿੱਚੋਂ ਸਨ, ਜਿਨ੍ਹਾਂ ਦੀ ਵਿਦੇਸ਼ੀ ਚੰਦਾ (ਰੈਗੂਲੇਸ਼ਨ) ਐਕਟ (ਐੱਫਸੀਆਰਏ) ਰਜਿਸਟਰੇਸ਼ਨ ਰੱਦ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੇ ਜਾਂ ਤਾਂ ਆਪਣੇ ਐੱਫਸੀਆਰਏ ਲਾਇਸੈਂਸਾਂ ਦੇ ਨਵੀਨੀਕਰਨ ਲਈ ਅਰਜ਼ੀ ਨਹੀਂ ਦਿੱਤੀ ਸੀ ਜਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ। ਵਿਦੇਸ਼ੀ ਚੰਦਾ (ਰੈਗੂਲੇਸ਼ਨ) ਐਕਟ (ਐੱਫਸੀਆਰਏ) ਨਾਲ ਸਬੰਧਤ ਅਧਿਕਾਰਤ ਵੈੱਬਸਾਈਟ ਅਨੁਸਾਰ ਉਹ ਸੰਸਥਾਵਾਂ, ਜਿਨ੍ਹਾਂ ਦੀ ਐੱਫਸੀਆਰਏ ਤਹਿਤ ਰਜਿਸਟਰੇਸ਼ਨ ਦੀ ਮਿਆਦ ਖਤਮ ਹੋ ਗਈ ਹੈ ਜਾਂ ਰੱਦ ਕਰ ਦਿੱਤੀ ਗਈ ਹੈ, ਉਨ੍ਹਾਂ ਵਿੱਚ, ਵਿੱਚ ਇੰਦਰਾ ਗਾਂਧੀ ਕੌਮੀ ਕਲਾ ਕੇਂਦਰ, ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਲਾਲ ਬਹਾਦੁਰ ਸ਼ਾਸਤਰੀ ਮੈਮੋਰੀਅਲ ਫਾਊਂਡੇਸ਼ਨ, ਲੇਡੀ ਸ੍ਰੀ ਰਾਮ ਕਾਲਜ ਫਾਰ ਵਿਮੈਨ, ਦਿੱਲੀ ਕਾਲਜ ਆਫ ਇੰਜਨੀਅਰਿੰਗ ਅਤੇ ਆਕਸਫੈਮ ਇੰਡੀਆ ਸ਼ਾਮਲ ਹਨ।