ਨਵੀਂ ਦਿੱਲੀ, 13 ਜੂਨ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਦੋਂ ਅਸਮਾਨੀਂ ਚੜ੍ਹ ਗਈਆਂ ਹਨ ਤਾਂ ਤੇਲ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ ’ਚ ਕਾਂਗਰਸ ਸਰਕਾਰਾਂ ਨੂੰ ਕਿਹਾ ਹੈ ਕਿ ਜੇਕਰ ਪਾਰਟੀ ਆਮ ਆਦਮੀ ’ਤੇ ਈਂਧਣ ਦੀਆਂ ਕੀਮਤਾਂ ਦਾ ਬੋਝ ਨਹੀਂ ਪਾਉਣਾ ਚਾਹੁੰਦੀ ਹੈ ਤਾਂ ਉਹ ਸੇਲਜ਼ ਟੈਕਸ ’ਚ ਕਟੌਤੀ ਕਰਨ। ਉਂਜ ਉਨ੍ਹਾਂ ਮੱਧ ਪ੍ਰਦੇਸ਼ ਅਤੇ ਕਰਨਾਟਕ ਵਰਗੇ ਭਾਜਪਾ ਸ਼ਾਸਿਤ ਸੂਬਿਆਂ ਬਾਰੇ ਕੁਝ ਨਹੀਂ ਕਿਹਾ ਹੈ ਜਿਥੇ ਪੈਟਰੋਲ ਸੈਂਕੜਾ ਮਾਰ ਚੁੱਕਿਆ ਹੈ। ਮਹਾਰਾਜਾ ਅਗਰਸੈਨ ਹਸਪਤਾਲ ’ਚ ਇੰਦਰਪ੍ਰਸਥ ਗੈਸ ਲਿਮਿਟਡ ਵੱਲੋਂ ਸਥਾਪਤ ਕੀਤੇ ਗਏ ਆਕਸੀਜਨ ਪਲਾਂਟ ਦੇ ਉਦਘਾਟਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਪ੍ਰਧਾਨ ਨੇ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ਅਤੇ ਵਿਕਾਸ ਕੰਮਾਂ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਪੈਟਰੋਲ ਤੇ ਡੀਜ਼ਲ ’ਤੇ ਟੈਕਸਾਂ ਰਾਹੀਂ ਵਾਧੂ ਪੈਸੇ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ,‘‘ਮੈਂ ਮੰਨਦਾ ਹਾਂ ਕਿ ਈਂਧਣ ਦੀਆਂ ਕੀਮਤਾਂ ਲੋਕਾਂ ਨੂੰ ਚੂੰਢੀ ਵੱਢ ਰਹੀਆਂ ਹਨ। ਸਰਕਾਰ ਇਸ ਸਾਲ ਗਰੀਬਾਂ ਨੂੰ ਮੁਫ਼ਤ ਅਨਾਜ ਦੇਣ ਲਈ ਇਕ ਲੱਖ ਕਰੋੜ ਰੁਪਏ ਖ਼ਰਚ ਰਹੀ ਹੈ ਅਤੇ ਵੈਕਸੀਨ ਤੇ ਸਿਹਤ-ਸੰਭਾਲ ਢਾਂਚੇ ਉਪਰ ਵੀ ਪੈਸਾ ਖ਼ਰਚਿਆ ਜਾ ਰਿਹਾ ਹੈ।’’ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਮੋਦੀ ਸਰਕਾਰ ’ਤੇ ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਹਮਲਿਆਂ ਬਾਰੇ ਸਵਾਲ ਪੁੱਛਣ ’ਤੇ ਸ੍ਰੀ ਪ੍ਰਧਾਨ ਨੇ ਕਿਹਾ,‘‘ਮਹਾਰਾਸ਼ਟਰ, ਰਾਜਸਥਾਨ ਅਤੇ ਪੰਜਾਬ ’ਚ ਤੇਲ ਮਹਿੰਗਾ ਕਿਉਂ ਹੈ। ਜੇਕਰ ਰਾਹੁਲ ਗਾਂਧੀ ਗਰੀਬਾਂ ਬਾਰੇ ਫਿਕਰਮੰਦ ਹਨ ਤਾਂ ਉਨ੍ਹਾਂ ਨੂੰ ਕਾਂਗਰਸ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਪੈਟਰੋਲ ਅਤੇ ਡੀਜ਼ਲ ’ਤੇ ਟੈਕਸਾਂ ’ਚ ਕਟੌਤੀ ਕਰਨ। -ਪੀਟੀਆਈ