ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਨਵੰਬਰ
ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਉਸ ਦਾ ਵਾਅਦਾ ਚੇਤੇ ਕਰਾਉਂਦਿਆਂ ਬੇਰੁਜ਼ਗਾਰਾਂ ਨੂੰ 2500 ਰੁਪਏ ਮਾਸਿਕ ਬੇਰੁਜ਼ਗਾਰੀ ਭੱਤਾ ਪਿਛਲੇ ਬਕਾਏ ਸਮੇਤ ਜਾਰੀ ਕਰਨ ਅਤੇ ਪ੍ਰਾਈਵੇਟ ਨੌਕਰੀਆਂ ’ਚ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ 80 ਪ੍ਰਤੀਸ਼ਤ ਕੋਟਾ ਨਿਸ਼ਚਿਤ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਬਠਿੰਡਾ ਜ਼ਿਲ੍ਹਾ (ਦਿਹਾਤੀ) ਦੇ ਪ੍ਰਧਾਨ ਗੁਰਜੰਟ ਸਿੰਘ ਸਿਵੀਆ ਅਤੇ ਜ਼ਿਲ੍ਹਾ (ਸ਼ਹਿਰੀ) ਦੇ ਡਿਪਟੀ ਪ੍ਰਧਾਨ ਅੰਮਿ੍ਤ ਲਾਲ ਅਗਰਵਾਲ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਹਰੀ ਰਾਜਾਂ ਦੇ ਉਮੀਦਵਾਰਾਂ ਨੂੰ ਰੋਕਣ ਲਈ ਪੰਜਾਬ ਦੇ ਸਾਰੇ ਵਰਗਾਂ ਦੇ ਉਮੀਦਵਾਰਾਂ ਲਈ ਪੰਜਾਬ ਡੋਮੀਸਾਈਲ ਦੇ ਵਾਧੂ ਨੰਬਰ ਨਿਰਧਾਰਿਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਹਰਿਆਣਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਆਦਿ ਦੀ ਤਰਜ਼ ’ਤੇ ਪ੍ਰਾਈਵੇਟ ਨੌਕਰੀਆਂ ਲਈ ਪੰਜਾਬ ਦੇ ਬੇਰੁਜ਼ਗਾਰਾਂ ਲਈ 80 ਫੀਸਦੀ ਕੋਟਾ ਨਿਰਧਾਰਿਤ ਕੀਤਾ ਜਾਵੇ। ਉਨ੍ਹਾਂ ਸਰਕਾਰੀ ਭਰਤੀਆਂ ਲਈ ਮੁਕਾਬਲਾ ਪ੍ਰੀਖਿਆ ਦੀ ਫਾਈਨਲ ਮੈਰਿਟ ਸੂਚੀ ਵਿੱਚ ਇੰਤਜ਼ਾਰ ਸੂਚੀ ਲਾਜ਼ਮੀ ਬਣਾਈ ਜਾਵੇ।
ਇਸ ਮੌਕੇ ਪਾਰਟੀ ਦੇ ਲੀਗਲ ਸੈੱਲ ਦੇ ਸੂਬਾ ਮੀਤ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਸਰਕਾਰ ਵੱਲੋਂ ਟਾਟਾ ਕੰਸਲਟੈਂਸੀ ਸਰਵਸਿਸ (ਟੀਸੀਐਸ) ਨਾਲ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦ ਪੰਜਾਬ ਸਰਕਾਰ ਕੋਲ ਪੀਪੀਐੱਸਸੀ ਅਤੇ ਪੀਐਸਐਸਐਸ ਵਰਗੇ ਆਪਣੇ ਅਦਾਰੇ ਹਨ ਤਾਂ ਟੀਸੀਐੱਸ ਕੰਪਨੀ ਦਾ ਕੀ ਕੰਮ? ਉਨ੍ਹਾਂ ਕਿਹਾ ਕਿ ਪੁਲੀਸ ਭਰਤੀ ਦਾ ਟਰਾਇਲ ਵੀ ਟੀਸੀਐਸ ਵਰਗੀਆਂ ਨਿੱਜੀ ਕੰਪਨੀਆਂ ਦੀ ਥਾਂ ਪੰਜਾਬ ਪੁਲੀਸ ਦੇ ਨੋਡਲ ਅਧਿਕਾਰੀਆਂ ਵੱਲੋਂ ਲਿਆ ਜਾਵੇ। ਆਗੂਆਂ ਨੇ ਕਿਹਾ ਕਿ ਕਿਸੇ ਵੀ ਭਰਤੀ ਪ੍ਰੀਖ਼ਿਆ ਤੋਂ ਪਹਿਲਾਂ ਪੇਪਰ ਦੀ ਸੈਟਿੰਗ ਮੌਕੇ ਗਲਤੀਆਂ ਦੀ ਗੁੰਜਾਇਸ਼ ਜ਼ੀਰੋ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੇਵਾਮੁਕਤੀ ਨਾਲ ਖਾਲੀ ਹੁੰਦੀਆਂ ਅਸਾਮੀਆਂ ’ਤੇ ਸੇਵਾਮੁਕਤ ਕਰਮਚਾਰੀਆਂ ਦੇ ਸੇਵਾਕਾਲ ਵਿੱਚ ਵਾਧਾ ਸਖ਼ਤੀ ਨਾਲ ਰੋਕਿਆ ਜਾਵੇ। ਭਰਤੀ ਪ੍ਰੀਖਿਆਵਾਂ ਲਈ ਬੇਰੁਜ਼ਗਾਰਾਂ ਦੀ ਮੁਕੰਮਲ ਫੀਸ ਮੁਆਫ਼ ਹੋਵੇ ਕਿਉਂਕਿ ਬੇਰੁਜ਼ਗਾਰਾਂ ਕੋਲੋਂ ਨੌਕਰੀ ਦੇ ਨਾਂ ’ਤੇ ਕਰੋੜਾਂ ਰੁਪਏ ਇੱਕਠਾ ਕਰਨਾ ਅਨੈਤਿਕ ਹੈ। ਉਨ੍ਹਾਂ ਸਰਕਾਰੀ ਕਾਲਜਾਂ ਵਿੱਚ ਕਈ-ਕਈ ਸਾਲਾਂ ਬਤੌਰ ਗੈਸਟ ਫ਼ੈਕਲਟੀ ਪੜ੍ਹਾ ਰਹੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਪਹਿਲ ਦੇ ਆਧਾਰ ’ਤੇ ਪੱਕਾ ਕਰਨ ਦੀ ਮੰਗ ਵੀ ਕੀਤੀ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਮਹਿਲਾ ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਕੌਰ, ਸੋਸ਼ਲ ਮੀਡੀਆ ਇੰਚਾਰਜ ਸੁਖਬੀਰ ਸਿੰਘ ਬਰਾੜ, ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਦੀਪ ਰਾਜਨ, ਬੀਸੀ ਵਿੰਗ ਦੇ ਜ਼ਿਲਾ ਪ੍ਰਧਾਨ ਮਨਦੀਪ ਕੌਰ ਰਾਮਗੜ੍ਹੀਆ ਤੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਆਦਿ ਮੌਜੂਦ ਸਨ।