ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 8 ਦਸੰਬਰ
ਇਥੇ ਸੰਤਪੁਰਾ ਬਸਤੀ ਨੇੜੇ ਰੇਲਵੇ ਪਟੜੀ ਕੋਲ ਦੋ ਨੌਜਵਾਨਾਂ ਨੂੰ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਘਟਨਾ ਸਥਾਨ ‘ਤੇ ਜੁੜੇ ਲੋਕਾਂ ਨੇ ਦੱਸਿਆ ਕਿ ਇੱਥੇ ਗ਼ੈਰ-ਕਾਨੂੰਨੀ ਨਸ਼ਾ ਵਿਕਦਾ ਹੈ ਤੇ ਹਰ ਵੇਲੇ ਨਸ਼ੇੜੀਆਂ ਦਾ ਮੇਲਾ ਲੱਗਾ ਰਹਿੰਦਾ ਹੈ। ਨਸ਼ਾ ਕਰਨ ਵਾਲਿਆਂ ਨੂੰ ਮੰਦੀ ਭਾਸ਼ਾ ਬੋਲਦੇ ਸੁਣਦੇ ਹਾਂ ਤੇ ਲੜਾਈ ਝਗੜਾ ਇਥੇ ਆਮ ਗੱਲ ਹੈ।
ਇਥੇ ਦੱਸਿਆ ਗਿਆ ਹੈ ਕਿ ਗੋਲ਼ੀਆਂ ਚੱਲਣ ਤੋਂ ਪਹਿਲਾਂ ਨੌਜਵਾਨਾਂ ਦੀ ਬਹਿਸਬਾਜ਼ੀ ਹੋਈ ਤੇ ਬਾਅਦ ‘ਚ ਇੱਕ ਨੌਜਵਾਨ ਦੇ ਪੈਰ ‘ਚ ਤੇ ਦੂਜੇ ਦੇ ਪੱਟ ‘ਚ ਗੋਲ਼ੀ ਵੱਜੀ। ਜ਼ਖ਼ਮੀਆਂ ਦੇ ਵਾਰਸਾਂ ਨੇ ਇਸ ਨੂੰ ਲੁੱਟ ਖੋਹ ਦਾ ਮਾਮਲਾ ਦੱਸਿਆ ਹੈ। ਉਨ੍ਹਾਂ ਮੁਤਾਬਕ ਵਾਰਦਾਤ ਦੌਰਾਨ ਜਦੋਂ ਗੋਲੀਆਂ ਚੱਲੀਆਂ ਤਾਂ ਕੋਲ ਖੜ੍ਹੇ ਨੌਜਵਾਨ ਫੇਟ ‘ਚ ਆ ਗਏ।
ਜ਼ਖ਼ਮੀਆਂ ਨੂੰ ਇਕ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਇਕ ਦੇ ਪੱਟ ਤੇ ਇਕ ਨੌਜਵਾਨ ਦੇ ਪੈਰ ‘ਚ ਗੋਲੀ ਲੱਗਣ ਦੀ ਪੁਸ਼ਟੀ ਕਰਦਿਆਂ, ਦੋਵਾਂ ਦੀ ਹਾਲਤ ਸਥਿਰ ਖਤਰੇ ਤੋਂ ਬਾਹਰ ਦੱਸੀ ਹੈ। ਜ਼ਖ਼ਮੀਆਂ ਦੇ ਨਾਂ ਮੁੰਦਰੀ ਤੇ ਅਮਿਤ ਦੱਸੇ ਗਏ ਹਨ। ਘਟਨਾ ਸਥਾਨ ‘ਤੇ ਜਾਇਜ਼ਾ ਲੈਣ ਪਹੁੰਚੇ ਪੁਲੀਸ ਅਧਿਕਾਰੀਆਂ ਵੱਲੋਂ ਤਫ਼ਤੀਸ਼ ਤੋਂ ਬਾਅਦ ਜਾਣਕਾਰੀ ਦੇਣ ਦੀ ਗੱਲ ਕਹੀ ਜਾ ਰਹੀ ਹੈ।