ਮਨੋਜ ਸ਼ਰਮਾ
ਬਠਿੰਡਾ, 10 ਸਤੰਬਰ
ਦੋ ਵੱਖ ਵੱਖ ਘਟਵਾਨਾਂ ਵਿੱਚ ਗਣਪਤੀ ਦੀ ਮੂਰਤੀ ਨੂੰ ਵਿਸਰਜਿਤ ਕਰਨ ਦੌਰਾਨ ਦੋ ਨੌਜਵਾਨ ਰੁੜ੍ਹ ਗਏ ਹਨ। ਇਕ ਘਟਨਾ ’ਚ ਸ਼ੁੱਕਰਵਾਰ ਸ਼ਾਮ ਨੂੰ ਸ੍ਰੀ ਗਣਪਤੀ ਦੀ ਮੂਰਤੀ ਨੂੰ ਸਰਹਿੰਦ ਕੈਨਾਲ ਬਠਿੰਡਾ ਵਿੱਚ ਤਾਰਦੇ ਸਮੇਂ ਬਠਿੰਡਾ ਦੇ ਧੋਬੀਆਣਾ ਬਸਤੀ ਦਾ 22 ਸਾਲਾ ਉਦੈ ਨਾਮਕ ਇਕ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਜਿਸ ਨੂੰ ਲੱਭਣ ਲਈ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾ ਤੋਂ ਇਲਾਵਾ ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਉਸ ਦੀ ਬੀਤੇ ਕੱਲ੍ਹ ਤੋਂ ਹੀ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਨੌਜਵਾਨ ਦਾ ਕੋਈ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਬਠਿੰਡਾ ਸ਼ਹਿਰ ਵਿੱਚ ਪਰਵਾਸੀ ਮਜ਼ਦੂਰਾਂ ਵੱਲੋਂ ਗਣੇਸ਼ ਉਤਸਵ ਮੌਕੇ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕੀਤੀ ਜਾ ਰਹੀ ਸੀ, ਉਸ ਵੇਲੇ ਲੜਕਾ ਨਹਿਰ ਵਿੱਚ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਤਾਰਦੇ ਸਮੇਂ ਇਸ ਮੰਦਭਾਗੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੇ ਸਨ। ਇਸ ਮੌਕੇ ਥਾਣਾ ਥਰਮਲ ਦੀ ਪੁਲੀਸ ਵੀ ਪਹੁੰਚੀ ਹੋਈ ਸੀ। ਐਨਡੀਆਰਐਫ ਵੱਲੋਂ ਸਵੇਰੇ ਦੁਬਾਰਾ ਫਿਰ ਸ਼ੁਰੂ ਕੀਤਾ ਜਾਵੇਗਾ ਸਰਚ ਅਪ੍ਰੇਸ਼ਨ।
ਬਾਘਾ ਪੁਰਾਣਾ (ਪੱਤਰ ਪ੍ਰੇਰਕ) ਸਥਾਨਕ ਸ਼ਹਿਰ ਦੀ ਮਹੰਤਾਂ ਵਾਲੀ ਬਸਤੀ ਦਾ ਨੌਜਵਾਨ ਮੋਹਿਤ (18) ਗਣਪਤੀ ਦੀ ਮੂਰਤੀ ਜਲ ਵਿਸਰਜਨ ਕਰਨ ਲਈ ਭਗਤਾਂ ਦੀ ਮੰਡਲੀ ਨਾਲ ਚੰਨੂੰਵਾਲਾ ਨਹਿਰ ਉੱਪਰ ਗਿਆ ਸੀ, ਜਿਥੇ ਵਿਸਰਜਨ ਕਰਦੇ ਸਮੇਂ ਉਹ ਨਹਿਰੀ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ ਵਿਚ ਰੁੜ੍ਹ ਗਿਆ। ਲੋਕਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਾਹਰ ਨਾ ਕੱਢਿਆ ਜਾ ਸਕਿਆ। ਪੁਲੀਸ ਟੀਮ ਉਪ ਪੁਲੀਸ ਕਪਤਾਨ ਜਸਜੋਤ ਸਿੰਘ ਦੀ ਅਗਵਾਈ ਹੇਠ ਘਟਨਾ ਸਥਾਨ ਉਪਰ ਪੁੱਜੀ ਅਤੇ ਮੋਹਿਤ ਦੀ ਭਾਲ ਲਈ ਯਤਨ ਤੇਜ਼ ਕਰ ਦਿੱਤੇ ਹਨ।
ਸ੍ਰੀ ਗਣੇਸ਼ ਦੀ ਮੂਰਤੀ ਸਰਹਿੰਦ ਨਹਿਰ ’ਚ ਕੀਤੀ ਵਿਸਰਜਿਤ
ਸ਼ਹਿਣਾ (ਪੱਤਰ ਪ੍ਰੇਰਕ) ਕਸਬੇ ਸ਼ਹਿਣਾ ਵਿੱਚ ਸ਼੍ਰੀ ਗੀਤਾ ਭਵਨ ਕਮੇਟੀ ਵੱਲੋ ਵੱਖ ਵੱਖ ਸ਼੍ਰੀ ਗਣੇਸ਼ ਉਤਸਵ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼੍ਰੀ ਗਣੇਸ਼ ਜੀ ਦੀ ਪੂਜਾ ਅਰਚਨਾ ਕਰਕੇ ਬਠਿੰਡਾ ਸਰਹਿੰਦ ਨਹਿਰ ਸ਼ਹਿਣਾ ਵਿੱਚ ਮੂਰਤੀ ਵਿਸਰਜ਼ਿਤ ਕੀਤੀ ਗਈ। ਅੱਜ ਸਵੇਰੇ ਗੀਤਾ ਭਵਨ ਸ਼ਹਿਣਾ ਵਿੱਚ ਸ੍ਰੀ ਗਣੇਸ਼ ਉਤਸਵ ਨੂੰ ਲੈਕੇ ਹਵਨ ਕੀਤਾ ਗਿਆ। ਸਾਰੇ ਕਸਬੇ ਵਿੱਚ ਸੋਭਾ ਯਾਤਰਾ ਕੱਢੀ ਗਈ। ਸ੍ਰੀ ਗੀਤਾ ਭਵਨ ਵਿੱਚ ਪੰਡਤ ਵੱਲੋਭ ਸ਼੍ਰੀ ਗਣੇਸ ਭਗਤਾਂ ਨੂੰ ਭਜਨ ਸੁਣਾਕੇ ਨਿਹਾਲ ਕੀਤਾ ਗਿਆ। ਇਸ ਮੌਕੇ ਕੈਲਾਸ਼ ਮਿੱਤਲ, ਪਵਨ ਗਰੋਵਰ, ਰਾਜ ਕੁਮਾਰ, ਸ਼ਿਵ ਕੁਮਾਰ, ਅਸ਼ੋਕ ਕੁਮਾਰ ਕਾਕਾ, ਬੁੱਧ ਰਾਮ ਬਾਂਸਲ ਆਦਿ ਹਾਜ਼ਰ ਸਨ।