ਮਨੋਜ ਸ਼ਰਮਾ
ਬਠਿੰਡਾ, 11 ਜਨਵਰੀ
ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਾਦੀਆਂ ਵਿਚ ਬਰਫ ਪੈਣ ਕਾਰਨ ਮੈਦਾਨੀ ਖੇਤਰਾਂ ਵਿੱਚ ਠੰਢ ਵਧ ਰਹੀ ਹੈ। ਲਗਾਤਾਰ ਡਿੱਗ ਰਹੇ ਪਾਰੇ ਕਾਰਨ ਬਠਿੰਡਾ ਪੰਜਾਬ ਦਾ ਸਭ ਤੋਂ ਠੰਢੇ ਸ਼ਹਿਰਾਂ ਵਿੱਚ ਸ਼ਾਮਲ ਹੋ ਗਿਆ ਹੈ। ਪੋਹ ਖ਼ਤਮ ਹੋਣ ਕਿਨਾਰੇ ਹੈ ਪਰ ਪਾਲੇ ਨੇ ਬਠਿੰਡਾ ਵਾਸੀਆਂ ਦੇ ਹੱਡ ਠਾਰ ਦਿੱਤੇ ਹਨ । ਜ਼ਿਕਰਯੋਗ ਹੈ ਕਿ ਹਫ਼ਤੇ ਤੋਂ ਜਿੱਥੇ ਬਠਿੰਡਾ ਅੰਦਰ ਲਗਾਤਾਰ ਪਾਰੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਉਥੇ ਬਠਿੰਡਾ ਦਾ ਮੌਸਮ ਹਫ਼ਤੇ ਤੋਂ 3 ਡਿਗਰੀ ਸੈਲਸੀਅਤ ਤੋਂ 5 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਹੋਇਆ ਹੈ। ਅੱਜ ਦੂਜੇ ਦਿਨ ਵੀ ਸਵੇਰ ਵੇਲੇ ਬਠਿੰਡਾ ਖੇਤਰ ਵਿੱਚ ਸੰਘਣੀ ਧੁੰਦ ਛਾਈ ਰਹੀ ਅਤੇ ਵਾਹਨਾਂ ਨੂੰ ਦਿਨੇ ਲਾਈਟਾਂ ਜਗਾ ਕੇ ਸਫ਼ਰ ਤੈਅ ਕਰਨਾ ਪਿਆ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ 4 ਤੋਂ ਲੈ ਕੇ 12 ਜਨਵਰੀ ਤੱਕ ਮੌਸਮ ਖ਼ਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੋਈ ਸੀ । ਪੀਏਯੂ ਦੇ ਖੇਤਰੀ ਕੈਂਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਠਿੰਡਾ ਦਾ ਤਾਪਮਾਨ ਘੱਟ ਤੋਂ ਘੱਟ 5.6 ਡਿਗਰੀ ਸੈਲਸੀਅਸ ਰਿਹਾ ਤੇ ਵੱਧ ਤੋਂ ਵੱਧ 15.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਸ਼ਾਮ ਤਕ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਦਿੱਤੇ। ਖੇਤੀਬਾੜੀ ਮਾਹਿਰਾਂ ਵੱਲੋਂ ਲਗਾਤਾਰ ਪੈ ਰਹੀ ਠੰਢ ਨੂੰ ਫਸਲਾਂ ਲਈ ਲਾਹੇਵੰਦ ਦੱਸਿਆ ਹੈ ਅਤੇ ਬੀਤੇ ਦਿਨੀਂ ਮੀਂਹ ਪੈਣ ਤੋਂ ਬਾਅਦ ਪੈ ਰਹੀ ਸੰਘਣੀ ਧੁੰਦ ਕਣਕ ਦੀ ਫਸਲ ’ਤੇ ਘਿਓ ਦਾ ਕੰਮ ਕਰ ਰਹੀ ਹੈ । ਮੀਂਹ ਤੋਂ ਬਾਅਦ ਕਿਸਾਨਾਂ ਵੱਲੋਂ ਕਣਕਾਂ ਵਿੱਚ ਖਾਦ ਪਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਪਹਾੜਾਂ ਉਤੇ ਹੋਈ ਬਰਫ਼ਬਾਰੀ ਦੇ ਚੱਲਦਿਆਂ ਮਾਲਵਾ ਖੇਤਰ ਵਿੱਚ ਬਰਫ਼ੀਲੀ ਹਵਾ ਚੱਲਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਕੜਾਕੇ ਦੀ ਠੰਢ ਨੇ ਲੋਕਾਂ ਨੂੰ ਠਾਰ ਧਰਿਆ ਹੈ। ਠੰਢ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਰੇਕ ਲਾ ਦਿੱਤੀ ਹੈ ਅਤੇ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਧੁੰਦ ਨਾਲ ਰੇਲ ਗੱਡੀਆਂ ਅਤੇ ਬੱਸਾਂ ਸਮੇਤ ਹਰ ਤਰ੍ਹਾਂ ਦੇ ਵਾਹਨਾਂ ਨੂੰ ਦਿਨੇ ਲਾਈਟਾਂ ਜਗਾ ਕੇ ਚੱਲਣਾ ਪੈ ਰਿਹਾ ਹੈ ਅਤੇ ਇਹ ਆਵਾਜਾਈ ਦੇ ਸਾਧਨ ਆਪਣੇ ਨਿਰਧਾਰਿਤ ਸਮੇਂ ਤੋਂ ਹਰ ਥਾਂ ਦੁਪਹਿਰ ਤੱਕ ਅੱਜ ਲੇਟ ਪੁੱਜਦੇ ਰਹੇ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਗਹਿਰੀ ਧੁੰਦ ਅਤੇ ਕੜਾਕੇ ਦੀ ਠੰਢ ਪੈਣ ਦੀ ਚਿਤਾਵਨੀ ਦਿੱਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਦਿੱਤੀ ਗਈ ਇੱਕ ਰਿਪੋਰਟ ਮੁਤਾਬਕ ਮਾਨਸਾ, ਬਠਿੰਡਾ,ਬਰਨਾਲਾ, ਫਰੀਦਕੋਟ ,ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਲੁਧਿਆਣਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਦੇ ਨਾਲ-ਨਾਲ ਅਗਲੇ 72 ਘੰਟੇ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੌਸਮ ਦੇ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਹਲਕੀ ਵਰਖਾ ਪੈ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਗਲੇ 4-5 ਦਿਨ ਬੱਦਲਵਾਈ ਬਣੀ ਰਹੇਗੀ ਅਤੇ ਵੱਧ ਤੋਂ ਵੱਧ ਤਾਪਮਾਨ 15.0 ਤੋਂ 16.0 ਅਤੇ ਘੱਟ ਤੋਂ ਘੱਟ ਤਾਪਮਾਨ 4.0 ਤੋਂ 5.0 ਡਿਗਰੀ ਸੈਂਟੀਗਰੇਡ ਦੇ ਵਿਚਕਾਰ ਰਹੇਗਾ, ਜਦੋਂ ਕਿ ਹਵਾ ਵਿੱਚ ਨਮੀ ਦੀ ਔਸਤ ਮਾਤਰਾ 94 ਤੋਂ 69 ਫ਼ੀਸਦ ਦੇ ਵਿਚਕਾਰ ਅਤੇ ਹਵਾਵਾਂ ਦੀ ਰਫ਼ਤਾਰ 5.4 ਤੋਂ 7.3 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਪੰਜਾਬ ਵਿੱਚ ਪੰਜ ਦਿਨ ਮੀਂਹ ਪੈਣ ਤੋਂ ਬਾਅਦ ਧੁੰਦ ਅਤੇ ਠੰਢ ਨੇ ਜ਼ੋਰ ਫੜ ਲਿਆ ਹੈ। ਅੱਜ ਬਰਨਾਲਾ ਜ਼ਿਲ੍ਹੇ ਵਿੱਚ ਪਈ ਧੁੰਦ ਨੇ ਜਨ ਜੀਵਨ ਪ੍ਰਭਾਵਿਤ ਕੀਤਾ। ਆਵਾਜਾਈ ਦੀ ਰਫ਼ਤਾਰ ਪਹਿਲਾਂ ਨਾਲੋਂ ਹੌਲੀ ਹੋ ਗਈ। ਇੱਥੇ ਧੁੰਦ ਦੇ ਨਾਲ-ਨਾਲ ਠੰਢ ਦਾ ਜ਼ੋਰ ਵੀ ਤੇਜ਼ ਹੋ ਗਿਆ ਹੈ। ਮੀਂਹ ਪੈਣ ਤੋਂ ਬਾਅਦ ਠੰਢ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਤੇ ਤਾਪਮਾਨ ਦਾ ਪਾਰਾ 10 ਡਿਗਰੀ ਤੋਂ ਵੀ ਥੱਲੇ ਚਲਿਆ ਗਿਆ ਹੈ। ਇਹ ਠੰਢ ਤੇ ਧੁੰਦ ਜਿੱਥੇ ਜਨਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ, ਉਥੇ ਇਸ ਦਾ ਲਾਭ ਕਣਕ ਦੀ ਫ਼ਸਲ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ।
ਲਗਾਤਾਰ ਮੀਂਹ ਪੈਣ ਕਾਰਨ ਫ਼ਸਲਾਂ ਦਾ ਨੁਕਸਾਨ
ਝੁਨੀਰ (ਪੱਤਰ ਪ੍ਰੇਰਕ): ਬੀਤੇ ਦੋ ਦਿਨ ਲਗਾਤਾਰ ਹੀ ਰਸਵਾਂ ਅਤੇ ਹੌਲੀ-ਹੌਲੀ ਮੀਂਹ ਪੈਣ ਕਾਰਨ ਇਲਾਕਾ ਝੁਨੀਰ ਦੇ ਅਨੇਕਾਂ ਪਿੰਡਾਂ ਵਿੱਚ ਜਿੱਥੇ ਨੀਵੇਂ ਖੇਤਰ ਵਿੱਚ ਬੀਜੀ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ ਉੱਥੇ ਸਬਜ਼ੀਆਂ ਦੀਆਂ ਫ਼ਸਲਾਂ ਬਰਬਾਦ ਹੋਣ ਦੇ ਕੰਢੇ ਪੁੱਜ ਗਈਆਂ ਹਨ। ਕਈ ਗ਼ਰੀਬ ਪਰਿਵਾਰਾਂ ਦੇ ਅੱਧ-ਪਚੱਧੇ ਘਰਾਂ ਦੀਆਂ ਜਿੱਥੇ ਛੱਤਾਂ ਚੋਣ ਲੱਗ ਪਈਆਂ ਹਨ ਉੱਥੇ ਠੰਢ ਬਹੁਤ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ।
ਹਾੜ੍ਹੀ ਦੀਆਂ ਫਸਲਾਂ ਲਈ ਧੁੰਦ ਲਾਹੇਵੰਦ
ਮਾਨਸਾ (ਪੱਤਰ ਪ੍ਰੇਰਕ): ਰਾਜ ਦੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮਾਲਵਾ ਪੱਟੀ ਵਿਚ ਪੈਣ ਲੱਗੀ ਧੁੰਦ ਨੂੰ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਲਈ ਲਾਭਦਾਇਕ ਦੱਸਿਆ ਗਿਆ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਧੁੰਦ ਜੌਆਂ ਅਤੇ ਕਿਨੂੰਆਂ ਦੀ ਮਿਠਾਸ ਲਈ ਵੀ ਚੰਗੀ ਮੰਨੀ ਜਾਂਦੀ ਹੈ। ਦਿਲਚਸਪ ਗੱਲ ਹੈ ਕਿ ਮਾਲਵਾ ਦੇ ਮਾਨਸਾ ਖੇਤਰ ਵਿਚ ਅੱਜ ਪਹਿਲੀ ਵਾਰ ਧੁੰਦ ਪਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਮੰਨਿਆ ਕਿ ਇਹ ਧੁੰਦ ਕਣਕ ਦੇ ਉਤਪਾਦਨ ਵਧਾਉਣ ਵਿਚ ਸ਼ੁਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਅਗੇਤੀਆਂ ਕਣਕਾਂ ਨੂੰ ਦੋ ਹਫ਼ਤੇ ਤੋਂ ਵੱਧ ਸਮਾਂ ਪਾਣੀ ਲੱਗੇ ਨੂੰ ਹੋ ਗਿਆ, ਉਨ੍ਹਾਂ ਨੂੰ ਹੁਣ ਇਸ ਧੁੰਦ ਨੇ ਤਰੇਲ ਰੂਪ ਵਿਚ ਡਿੱਗਕੇ ਹੋਰ ਪਾਣੀ ਦੀ ਜ਼ਰੂਰਤ ਨੂੰ ਬਿਲਕੁਲ ਘਟਾ ਦਿੱਤਾ। ਡਾ. ਰੋਮਾਣਾ ਨੇ ਕਿਹਾ ਕਿ ਬੇਸ਼ੱਕ ਧੁੰਦ ਨੇ ਆਮ ਜਨ-ਜੀਵਨ ਵਿਚ ਕਾਫ਼ੀ ਅਸਰ ਪਾਇਆ ਹੋਇਆ ਹੈ, ਪਰ ਕਣਕ ਲਈ ਇਸ ਦਾ ਭਾਰੀ ਲਾਭ ਹੋ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫ਼ਸਲ ਵਿਚੋਂ ਗੁੱਲੀਡੰਡਾ ਤੇ ਹੋਰ ਨਦੀਨਾਂ ਨੂੰ ਮਾਰਨ ਲਈ ਫਿਲਹਾਲ ਧੁੰਦ ਵਾਲਾ ਮੌਸਮ ਹਟਣ ਤੱਕ ਰੁੱਕ ਜਾਣ। ਮਾਨਸਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ.ਮਨਜੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਧੁੰਦ ਵਾਲਾ ਮੌਸਮ ਕਣਕ ਦੀ ਫ਼ਸਲ ਲਈ ਬੜਾ ਚੰਗਾ ਗਿਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਜ਼ਿਆਦਾ ਧੁੰਦ ਕਣਕ ਦੀ ਫ਼ਸਲ ਦੇ ਵਾਧੇ ਨੂੰ ਇੱਕ ਵਾਰ ਰੋਕ ਸਕਦੀ ਹੈ, ਪਰ ਇਹ ਧੁੰਦ ਫ਼ਸਲ ਦੇ ਫੁਟਾਰਾ (ਟਿੱਲਰਿੰਗ) ਮਾਰਨ ਵਾਸਤੇ ਸਭ ਤੋਂ ਵੱਧ ਸਹਾਈ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜਿਨ੍ਹਾਂ ਕਿਸਾਨਾਂ ਨੇ ਅਜੇ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਨਹੀਂ ਲਾਇਆ ਹੈ,ਉਹ ਤੁਰੰਤ ਪਾਣੀ ਦੇਣ ਦਾ ਉਪਰਾਲਾ ਕਰਨ ਅਤੇ ਨਾਲ ਹੀ ਫ਼ਸਲ ਨੂੰ ਲੋੜੀਂਦਾ ਯੂਰੀਆ ਪਾਉਣ ਦਾ ਉਪਰਾਲਾ ਵੀ ਕਰਨ।