ਪੱਤਰ ਪੇ੍ਰਕ
ਬਠਿੰਡਾ, 9 ਮਾਰਚ
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਸਕੂਲ ਨੂੰ ਸਮਾਰਟ ਕਰਨ ’ਤੇ ਲੱਗੀ ਹੋਈ ਅਤੇ ਸਕੂਲਾਂ ਦੇ ਗੇਟਾਂ ਉੱਪਰ ਨਵੇਂ ਬੋਰਡ ਦਿਖਾਈ ਦੇਣ ਲੱਗੇ ਹਨ ਜਿਨ੍ਹਾਂ ਉੱਪਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਮਾਰਟ ਹਾਈ ਸਕੂਲਾਂ ਦੇ ਬੋਰਡਾਂ ਵਾਲੇ ਦਰਸ਼ਨੀ ਗੇਟ ਸਕੂਲਾਂ ਦੀ ਸੋਭਾ ਵਧਾ ਰਹੇ ਹਨ। ਪਰ ਹਕੀਕਤ ਵਿਚ ਕੀ ਇਹ ਸਕੂਲ ‘ਸਮਾਰਟ’ ਹੋ ਗਏ ਹਨ ਇਹ ਆਪਣੇ ਆਪ ਵਿਚ ਵੱਡਾ ਸਵਾਲ ਹੈ।
ਸਕੂਲ ਦੇ ਮੁੱਢਲੇ ਅਤੇ ਸਭ ਤੋਂ ਛੋਟੇ ਅੰਗ ’ਤੇ ਝਾਤ ਮਾਰੀ ਜਾਵੇ ਤਾਂ ਸਕੂਲ ਦੀ ਘੰਟੀ ਹਾਲੇ ਵੀ ‘ਸਮਾਰਟ’ ਨਹੀਂ ਹੋ ਸਕੀ। ਸਕੂਲਾਂ ਅੰਦਰ ਬੋਹੜ ਦੇ ਦਰਖਤਾਂ ’ਤੇ ਟੰਗੇ ਗਾਰਡਰ ‘ਸਮਾਰਟ’ ਦੇ ਹੋਰ ਹੀ ਮਾਅਨੇ ਕੱਢਦੇ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਕੈਨਾਲ ਕਲੋਨੀ ਬਠਿੰਡਾ ਦੇ ਆਦਰਸ਼ ਸਕੂਲ ਵਿਚ 1450 ਵਿਦਿਆਰਥੀ ਪੜ੍ਹਦੇ ਹਨ। ਪੀਰੀਅਡ ਬਦਲਣ ਤੋਂ ਬਾਅਦ ਉਸੇ ਪੁਰਾਣੇ ਘੰਟੀ ਦੀ ਟਨ, ਟਨ ਸੁਣਾਈ ਦਿੰਦੀ ਹੈ। ਸਰਕਾਰੀ ਹਾਈ ਸਕੂਲ ਨੇਹੀਆਂ ਵਾਲਾ ਵਿਚ ਪੀਅਨ ਅਤੇ ਮਾਲੀ ਦੀ ਪੋਸਟਾਂ ਖ਼ਾਲੀ ਹਨ, ਪਿੰਡ ਖੇਮੂਆਣਾ ਦੇ ਸਰਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਵਿਚ ਹਾਲ ਕੋਈ ਵੱਖਰਾ ਨਹੀਂ। ਜੀਦਾ ਸਕੂਲ ਵਿਚ ਬੱਚੇ ਗਾਰਡਰ ਵਾਲੀ ਘੰਟੀ ਮਾਰਦੇ ਹਨ। ਜ਼ਿਲ੍ਹਾ ਬਠਿੰਡਾ ਦੇ ਵੱਡੀ ਗਿਣਤੀ ਸਕੂਲਾਂ ’ਚ ਅਧਿਆਪਕਾਂ ਦੇ ਨਾਲ ਨਾਲ ਪੀਅਨ, ਚੌਕੀਦਾਰਾਂ ਅਤੇ ਮਾਲੀਆਂ ਦੀਆਂ ਹਜ਼ਾਰਾਂ ਪੋਸਟਾਂ ਖ਼ਾਲੀ ਪਈਆਂ ਹਨ। ਸਕੂਲ ਦੇ ਪਾਰਕ ਮਾਲੀਆਂ ਵਿਹੁੂਣੇ ਹਨ।
ਡੈਮੋਕਰੈਟਿਕ ਟੀਚਰ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਦਾ ਕਹਿਣਾ ਹੈ ਸਿੱਖਿਆ ਵਿਭਾਗ ਅਧਿਆਪਕਾਂ ’ਤੇ ਦਬਾਅ ਬਣਾ ਕੇ ਪਿੰਡਾਂ ਦੇ ਦਾਨੀ ਸੱਜਣਾਂ ਅਤੇ ਪੰਚਾਇਤਾਂ ਦੇ ਮਿੰਨਤ ਤਰਲੇ ਕਰਵਾ ਕੇ ਸਕੂਲਾਂ ਨੂੰ ਨਵੀਂ ਦਿੱਖ ਦਿਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਖੇਮੂਆਣਾ ਸਕੂਲ ’ਚ ਬਠਿੰਡਾ ਦੇ ਡਾਕਟਰ ਦੀ ਸਹਾਇਤਾ ਨਾਲ ਸਟੇਜ ਬਣਾਈ ਜਾ ਰਹੀ ਹੈ। ਮਹਿਲਾ ਅਧਿਆਪਕ ਨਵ ਚਰਨਪ੍ਰੀਤ ਕੌਰ ਦਾ ਕਹਿਣਾ ਹੈ ਜੇਕਰ ਪੰਜਾਬ ਸਰਕਾਰ ਸਕੂਲਾਂ ਨੂੰ ਸਮਾਰਟ ਦਿੱਖ ਦੇਣੀ ਚਾਹੁੰਦੀ ਹੈ ਤਾਂ 100 ਪ੍ਰਤੀਸ਼ਤ ਗਰਾਂਟ ਦੇਵੇ। ਸੂਤਰ ਦੱਸਦੇ ਹਨ ਕਿ ਹੁਣ ਤਾਂ ਸਕੂਲ ਨੂੰ ਹਦਾਇਤ ਕੀਤੀ ਗਈ ਹੈ ਕਿ ਬੱਚਿਆਂ ਨੂੰ ਅੰਗਰੇਜ਼ੀ ਮਧਿਆਮ ਵਿਚ ਪੜ੍ਹਾਈ ਕਰਵਾਈ ਜਾਵੇ।