ਮਨੋਜ ਸ਼ਰਮਾ
ਬਠਿੰਡਾ 31 ਅਗਸਤ
ਇਥੇ ਗੋਨਿਆਣਾ ਮੰਡੀ ਦੇ ਨਜ਼ਦੀਕ ਪਿੰਡ ਮਹਿਮਾ ਸਰਜਾ ਵਿੱਚ ਬੀਤੀ ਰਾਤ ਚੋਰ ਗਰੋਹ ਵੱਲੋਂ ਸੇਵਾ ਕੇਂਦਰ ਵਿੱਚ ਚੋਰੀ ਕਰ ਲਈ, ਜਦੋਂ ਕਿ ਸੇਵਾ ਕੇਂਦਰ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸਨ। ਪਿੰਡ ਵਾਸੀਆਂ ਨੂੰ ਚੋਰੀ ਬਾਰੇ ਸਵੇਰ ਵੇਲੇ ਸੇਵਾ ਕੇਂਦਰ ਦਾ ਦਰਵਾਜ਼ਾ ਖੁੱਲ੍ਹਾ ਹੋਣ ਕਾਰਨ ਪਤਾ ਲੱਗਾ, ਜਿਸ ਦੀ ਸੂਚਨਾ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਅਤੇ ਸੇਵਾ ਕੇਂਦਰ ਦੇ ਇੰਚਾਰਜ ਨੂੰ ਦਿੱਤੀ ਗਈ। ਸੇਵਾ ਕੇਂਦਰ ਦੀ ਇੰਚਾਰਜ ਹਰਪ੍ਰੀਤ ਕੌਰ ਨੇ ਦੱਸਿਆ ਕਿ ਚੋਰਾਂ ਵੱਲੋਂ ਇੱਕ ਏਸੀ, ਸਕੈਨਰ, ਦੋ ਇੰਟਰਨੈੱਟ ਲਈ ਵਰਤੇ ਜਾਣ ਵਾਲੇ ਦੋ ਡੌਂਗਲ ਸਮੇਤ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਨਾਲ ਲੈ ਗਏ। ਸੇਵਾ ਕੇਂਦਰ ਦੇ ਸਟਾਫ਼ ਅਨੁਸਾਰ ਸਾਮਾਨ ਦੀ ਕੀਮਤ 75 ਹਜ਼ਾਰ ਦੇ ਕਰੀਬ ਬਣਦੀ ਹੈ। ਚੌਕੀ ਇੰਚਾਰਜ ਕੌਰ ਸਿੰਘ ਨੇ ਦੱਸਿਆ ਕਿ ਚੋਰ ਕੈਮਰਿਆਂ ਦੀ ਡੀਵੀਆਰ ਵੀ ਚੋਰੀ ਕਰ ਲਈ ਪਰ ਉਹ ਫੇਰ ਵੀ ਗਲੀ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਚੋਰ ਗਰੋਹ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।