ਸ਼ਗਨ ਕਟਾਰੀਆ
ਬਠਿੰਡਾ, 9 ਸਤੰਬਰ
ਅੰਦੋਲਨ ਚਲਾ ਰਹੇ ਬੱਸ ਕਰਮਚਾਰੀਆਂ ਨੇ ਅੱਜ ਚਾਰ ਘੰਟੇ ਇਥੋਂ ਦੇ ਬੱਸ ਅੱਡੇ ਨੂੰ ਬੰਦ ਰੱਖਿਆ। ਧਰਨਾਕਾਰੀਆਂ ਨੇ ਕਿਸੇ ਵੀ ਬੱਸ ਨੂੰ ਅੱਡੇ ਦੇ ਅੰਦਰ ਆਉਣ ਨਾ ਜਾਣ ਦਿੱਤਾ। ਇਸ ਦੌਰਾਨ ਬੱਸਾਂ ਨੇ ਸੜਕਾਂ ’ਤੇ ਰੁਕ ਕੇ ਹੀ ਸਵਾਰੀਆਂ ਲਾਹੀਆਂ ਤੇ ਚੜ੍ਹਾਈਆਂ। ਛੋਟੇ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੜਕ ’ਤੇ ਰੁਕੀਆਂ ਪ੍ਰਾਈਵੇਟ ਬੱਸਾਂ ਕਾਰਨ ਦੂਰ-ਦੂਰ ਤੱਕ ਸੜਕਾਂ ’ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ।
ਅੰਦੋਲਨ ਦੀ ਅਗਵਾਈ ਕਰ ਰਹੇ ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬੀਤੇ ਬੁੱਧਵਾਰ ਸਰਕਾਰ ਅਤੇ ਅੰਦੋਲਨਕਾਰੀ ਕਾਮਿਆਂ ਦੇ ਵਫ਼ਦ ਦਰਮਿਆਨ ਹੋਈ ਗੱਲਬਾਤ ਸਰਕਾਰ ਦੀ ਗ਼ੈਰ-ਦਿਆਨਤਦਾਰੀ ਕਰਕੇ ਬੇ-ਨਤੀਜਾ ਰਹੀ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦਾ ਸਿਸਵਾਂ ਸਥਿਤ ਫ਼ਾਰਮ ਹਾਊਸ ਨੂੰ ਗੱਲਬਾਤ ਸਿਰੇ ਲੱਗਣ ਦੀ ਉਮੀਦ ਕਰਕੇ ਮੁਲਤਵੀ ਕੀਤਾ ਗਿਆ ਸੀ ਪਰ ਹੁਣ ਕਰਮਚਾਰੀ ਉਸ ਦਾ ਘਿਰਾਓ ਕਰਨਗੇ। ਉਨ੍ਹਾਂ ਆਖਿਆ ਕਿ ਜਦੋਂ ਤੱਕ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ, ਛਾਂਟੀ ਕੀਤੇ ਮੁਲਾਜ਼ਮਾਂ ਨੂੰ ਬਹਾਲ ਕਰਨ, ਸਰਕਾਰੀ ਫ਼ਲੀਟ ’ਚ ਬੱਸਾਂ ਦੀ ਗਿਣਤੀ ਵਧਾਉਣ ਸਮੇਤ ਸਮੁੱਚੀਆਂ ਜਾਇਜ਼ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਂਦਾ ਰਹੇਗਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਅੜੇ ਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਚੌਥੇ ਦਿਨ ਸੂਬੇ ਵਿੱਚ ਬੱਸਾਂ ਬੰਦ ਰੱਖੀਆਂ ਅਤੇ ਚਾਰ ਘੰਟੇ ਲਈ ਅੱਡੇ ਬੰਦ ਰੱਖੇ। ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ 10 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸਿੱਸਵਾ ਫ਼ਾਰਮ ਅੱਗੇ ਪੱਕਾ ਮੋਰਚਾ ਆਰੰਭ ਕਰ ਦਿੱਤਾ ਜਾਵੇਗਾ ਅਤੇ ਮੰਗਾਂ ਮੰਨਣ ਤੱਕ ਬਕਾਇਆ ਹੜਤਾਲ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਨੇ ਅੱਜ ਆਪਣੀਆਂ ਮੰਗਾਂ ਲਈ ਚੌਥੇ ਦਿਨ ਵੀ ਚੱਕਾ ਜਾਮ ਰੱਖਿਆ। ਉਨ੍ਹਾਂ ਅੱਜ ਚਾਰ ਘੰਟੇ ਲਈ ਅੱਡੇ ਦਾ ਗੇਟ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸੂਬਾ ਸਰਪ੍ਰਸਤ ਕਮਲ ਕੁਮਾਰ, ਪ੍ਰਧਾਨ ਹਰਜਿੰਦਰ ਸਿੰਘ, ਡਿਪੂ ਸੈਕਟਰੀ ਤਰਸੇਮ ਸਿੰਘ, ਸਹਾਇਕ ਸੈਕਟਰੀ ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੱਢਿਆ, ਜਿਸ ਕਾਰਨ ਰੋਸ ਵਜੋਂ ਭਲਕੇ ਤੋਂ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਵਿਖੇ ਰਿਹਾਇਸ਼ ’ਤੇ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਯਾਤਰੀਆਂ ਨੇ ਦੱਸਿਆ ਕਿ ਬੱਸਾਂ ਨਾ ਚੱਲਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਪੇਸ਼ ਆਈਆਂ ਹਨ, ਕਿਉਂਕਿ ਉਹ ਸਮੇਂ ਸਿਰ ਆਪਣੀ ਜਗ੍ਹਾ ’ਤੇ ਨਹੀਂ ਪੁੱਜ ਸਕਣਗੇ।
ਫਾਜ਼ਿਲਕਾ (ਪਰਮਜੀਤ ਸਿੰਘ): ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ ਅਤੇ ਅੱਜ ਪਨਬੱਸ ਦੇ ਸਮੂਹ ਵਰਕਰਾਂ ਨੇ ਸੈਂਟਰਬਾਡੀ ਦੇ ਸੱਦੇ ’ਤੇ 4 ਘੰਟੇ ਲਈ ਫਾਜ਼ਿਲਕਾ ਦਾ ਬੱਸ ਸਟੈਂਡ ਬੰਦ ਕੀਤਾ।
ਹਰਿਆਣਾ ਦੇ ਮੁਲਾਜ਼ਮਾਂ ਵੱਲੋਂ ਸਮਰਥਨ
ਸਿਰਸਾ (ਪ੍ਰਭੂ ਦਿਆਲ): ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ ਨਾਲ ਸਬੰਧਤ ਰੋਡਵੇਜ਼ ਦੇ ਕਰਮਚਾਰੀਆਂ ਨੇ ਪੰਜਾਬ ਰੋਡਵੇਜ਼, ਪੀਆਰਟੀਸੀ, ਪਨਬੱਸ ਦੇ ਮੁਲਾਜ਼ਮਾਂ ਦੀ ਹੜਤਾਲ ਦੀ ਹਮਾਇਤ ਕਰਦਿਆਂ ਹਾਅ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਅੱਜ ਗੇਟ ਰੈਲੀ ਕਰਕੇ ਪੰਜਾਬ ਦੇ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ’ਤੇ ਚਲਦੇ ਹੋਏ ਕਰਮਚਾਰੀਆਂ ਦਾ ਸ਼ੋਸ਼ਣ ਕਰ ਰਹੀਆਂ ਹਨ। ਰੋਡਵੇਜ਼ ਦੇ ਬੇੜੇ ’ਚ ਲਾਗਾਤਾਰ ਬੱਸਾਂ ਦੀ ਗਿਣਤੀ ਘਟ ਰਹੀ ਹੈ।