ਬਠਿੰਡਾ (ਮਨੋਜ ਸ਼ਰਮਾ) ਦਸੰਬਰ ਦੇ ਆਖ਼ਰੀ ਹਫ਼ਤੇ ਅੱਜ ਐਤਵਾਰ ਵਾਲੇ ਦਿਨ ਸਵੇਰ ਤੋਂ ਹੀ ਸੰਘਣੀ ਧੁੰਦ ਕਾਰਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋ ਸਕੇ। ਪਿੰਡਾਂ ਦੀਆਂ ਲਿੰਕ ਸੜਕਾਂ ਤੇ ਨੈਸ਼ਨਲ ਹਾਈਵੇਅ ’ਤੇ ਵਿਜ਼ੀਬਿਲਟੀ ਜ਼ੀਰੋ ਰਹੀ ਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਧੁੰਦ ਕਾਰਨ ਵਾਹਨ ਚਾਲਕਾਂ ਦੇ ਆਪਸ ’ਚ ਟਕਰਾਉਣ ਦੀਆਂ ਖ਼ਬਰਾਂ ਹਨ। ਸ਼ਹਿਰ ਦੀ ਬਰਨਾਲਾ ਰੋਡ ’ਤੇ ਬਣ ਰਹੇ ਓਵਰਬ੍ਰਿਜ ਨਜ਼ਦੀਕ ਅੱਜ ਸਵੇਰੇ ਧੁੰਦ ਕਾਰਨ ਕਾਰ ਫੁੱਟਪਾਥ ’ਤੇ ਚੜ੍ਹ ਗਈ। ਉਧਰ, ਅੱਜ ਸਵੇਰੇ ਤੋਂ ਹੀ ਸੂਰਜ ਨਾ ਨਿਕਲਣ ਕਾਰਨ ਲੋਕ ਧੂਣੀਆਂ ਬਾਲ ਕੇ ਸੇਕਦੇ ਦੇਖੇ ਗਏ। ਪੰਜਾਬੀ ਟ੍ਰਿਬਿਊਨ ਦੀ ਟੀਮ ਵੱਲੋਂ ਦੇਖਿਆ ਗਿਆ ਕਿ ਠੰਢ ਕਾਰਨ ਬੇਸਹਾਰਾ ਲੋਕਾਂ ਦਾ ਬੁਰਾ ਹਾਲ ਸੀ। ਉੱਤਰੀ ਭਾਰਤ ਦੇ ਵੱਡੇ ਜੰਕਸ਼ਨ ਤੇ ਵੱਖ ਵੱਖ ਰਾਜਾਂ ਤੋਂ ਉਤਰਦੇ ਪਰਵਾਸੀ ਮਜ਼ਦੂਰਾਂ ਵਿੱਚੋਂ ਬੇਸਹਾਰਾ ਲੋਕ ਕੜਾਕੇ ਦੀ ਠੰਢ ’ਚ ਫੁੱਟਪਾਥਾਂ ’ਤੇ ਸੌਣ ਲਈ ਮਜਬੂਰ ਹਨ।