ਪੱਤਰ ਪ੍ਰੇਰਕ
ਬਠਿੰਡਾ, 2 ਜੂਨ
ਪੀਆਰਟੀਸੀ ਵਰਕਰ ਯੂਨੀਅਨ ਅਤੇ ਪੰਜਾਬ ਰੋਡਵੇਜ਼, ਪਨਬੱਸ ਕੰਟਰੈਕਟ ਵਰਕਰ ਯੂਨੀਅਨ ਬਠਿੰਡਾ ਵੱਲੋਂ ਪੰਜਾਬ ਦੇ ਬੱਸ ਅੱਡਿਆਂ ਅਤੇ ਬੱਸਾਂ ਵਿੱਚ ਭੰਡੀ ਪ੍ਰਚਾਰ ਕਰਨਾ ਸ਼ੁਰੂ ਕੀਤਾ ਗਿਆ ਸੀ। ਅੱਜ ਇਹ ਪ੍ਰਚਾਰ ਅੱਠਵੇ ਦਿਨ ਵਿੱਚ ਸ਼ਾਮਲ ਹੋ ਚੁੱਕਿਆ ਹੈ। ਇਸ ਪ੍ਰਚਾਰ ਨਾਲ ਵਰਕਰਾਂ ਅਤੇ ਸਵਾਰੀਆਂ ਵਿੱਚ ਆਪਸੀ ਤਾਲ ਮੇਲ ਵਿੱਚ ਵਾਧਾ ਹੁੰਦਾ ਵੇਖਿਆ ਗਿਆ। ਇਸ ਭੰਡੀ ਪ੍ਰਚਾਰ ਵਿੱਚ ਵਰਕਰਾਂ ਵਲੋਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਲੋਕਾਂ ਨੂੰ ਜਾਗਰੂਕ ਅਤੇ ਪੰਜਾਬ ਵਿੱਚ ਵਧ ਰਹੇ ਪ੍ਰਾਈਵੇਟ ਸਿਸਟਮ ਬਾਰੇ ਜਾਣਕਾਰੀ ਦੇ ਕੇ ਉਸ ਸਿਸਟਮ ਨੂੰ ਰੋਕਣ ਲਈ ਇਕਜੁਟ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਖ਼ਿਲਾਫ਼ ਲੋਕਾਂ ਨੂੰ ਜਗਾਉਣ ਲਈ ਕ੍ਰਾਂਤੀ ਲਿਆਉਣ ਦਾ ਬੀੜਾ ਪਨਬੱਸ ਅਤੇ ਪੀਆਰਟੀਸੀ ਦੇ ਸਮੂਹ ਮੁਲਾਜ਼ਮਾਂ ਨੇ ਚੁੱਕਿਆ ਹੈ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਨਿਆਂ ਦੀ ਹਮਾਇਤ ਕਰਦੇ ਹੋਏ, ਪੰਜਾਬ ਰੋਡਵੇਜ਼, ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਵਰਕਰ ਵੱਧ ਚੜ੍ਹ ਕੇ ਸ਼ਾਮਲ ਹੋਣਗੇ। ਇਸ ਮੌਕੇ ਬਠਿੰਡਾ ਡਿੱਪੂ ਦੇ ਚੇਅਰਮੈਨ ਸਰਬਜੀਤ ਸਿੰਘ, ਪ੍ਰਧਾਨ ਗੁਰਸਿਕੰਦਰ ਸਿਘ, ਮੀਤ ਪ੍ਰਧਾਨ ਗੁਰਦੀਪ ਸਿੰਘ, ਵਰਕਰ ਗਗਨਦੀਪ ਸਿੰਘ, ਅਜਮੇਰ ਸਿੰਘ, ਲਖਵਿੰਦਰ ਸਿੰਘ ਸ਼ਾਮਲ ਸਨ।