ਮਨੋਜ ਸ਼ਰਮਾ
ਬਠਿੰਡਾ, 1 ਨਵੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਕਾਲਜ ਵਿੱਚ ਪੜ੍ਹਾ ਰਹੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਤਨਖ਼ਾਹ ਨਾ ਮਿਲਣ ਕਾਰਨ ਗੱਡੀ ਲੀਹ ਤੋਂ ਲਹਿ ਗਈ ਹੈ। ਬੀਤੇ ਵਰ੍ਹੇ 2019 ਅਗਸਤ ਤੋਂ ਤਨਖ਼ਾਹ ਦੀ ਉਡੀਕ ਲਾਈ ਬੈਠੇ ਪ੍ਰੋਫੈਸਰਾਂ ਨੂੰ ਤਨਖ਼ਾਹ ਨਾ ਮਿਲਣ ਤੋਂ ਬਾਅਦ ਹੁਣ ਨੌਕਰੀ ਜਾਣ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ ਜਦੋਂ ਕਿ ਹੁਣ ਸਾਲ 2020 ਵੀ ਅੰਤਿਮ ਬਰੂਹਾਂ ’ਤੇ ਖੜ੍ਹਾ ਹੈ।
ਪੰਜਾਬੀ ਯੂਨੀਵਰਸਿਟੀ ਵਿਚਲੇ ਨੇਬਰਹੁੱਡ ਕੈਂਪਸ ਅਤੇ ਰਿਜਨਲ ਸੈਂਟਰ ਵਿੱਚ ਕੰਮ ਕਰਦੇ ਪ੍ਰੋਫੈਸਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ 8 ਮਹੀਨਿਆਂ ਲਈ 21,600 ਤਨਖ਼ਾਹ ’ਤੇ ਰੱਖਿਆ ਜਾਂਦਾ ਹੈ ਪਰ ਅੱਠ ਮਹੀਨਿਆਂ ਵਿੱਚੋਂ 6 ਮਹੀਨੇ ਤੱਕ ਕਾਲਜ ਵਿੱਚ ਪੜ੍ਹਾਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੇ ਰੈਗੂਲਰ ਸਟਾਫ ਨੂੰ ਤਨਖ਼ਾਹ ਦਿੱਤੀਆਂ ਜਾ ਰਹੀਆਂ ਹਨ ਤਾਂ ਗੈਸਟ ਫੈਕਲਟੀ ਨਾਲ ਮਾੜਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ। ਨੇਬਰਹੁੱਡ ਕਾਲਜ ਘੁੱਦਾ ਦੇ ਪ੍ਰੋ. ਸੰਦੀਪ, ਪ੍ਰੋ. ਪਵਨ ਤੇ ਪ੍ਰੋ. ਰਾਜਵੀਰ ਕੌਰ ਨੇ ਦੱਸਿਆ ਕਿ ਉਹ ਯੂਜੀਸੀ ਨੈੱਟ ਪਾਸ ਹਨ ਅਤੇ ਯੂਨੀਵਰਸਿਟੀ ਤੇ ਸਰਕਾਰ ਦੀ ਯੋਗ ਪ੍ਰਣਾਲੀ ਤਹਿਤ ਭਰਤੀ ਹੋਏ ਹਨ ਪਰ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਹ ਬੀਤੇ ਇੱਕ ਵਰ੍ਹੇ ਤੋਂ ਬਿਨਾਂ ਤਨਖ਼ਾਹਾਂ ਤੋਂ ਪੜ੍ਹਾਉਣ ਲਈ ਮਜਬੂਰ ਹਨ। ਉਨ੍ਹਾਂ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਕੋਵਿਡ ਕਾਲ ਦੌਰਾਨ ਉਹ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਂਦੇ ਰਹੇ ਪਰ ਯੂਨੀਵਰਸਿਟੀ ਵੱਲੋਂ ਕੋਵਿਡ-19 ਵਾਲੀ ਤਨਖ਼ਾਹ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਹੱਦ ਉਸ ਵੇਲੇ ਹੋ ਗਈ ਜਦੋਂ ਅਥਾਰਟੀ ਨੇ ਪੜ੍ਹਾਈ ਕਰਵਾਉਣ ਦੇ ਸਬੂਤ ਮੰਗ ਲਏ।
ਤਲਵੰਡੀ ਸਾਬੋ ਗੁਰੂ ਕਾਂਸੀ ਕਾਲਜ ਦੇ ਪ੍ਰੋਫੈਸਰ ਉਦੇਸ਼ਵਰ ਸਿੰਘ ਦਾ ਕਹਿਣਾ ਹੈ ਕਿ ਉਸ ਸਮੇਤ ਸਾਥੀ ਪ੍ਰੋਫ਼ੈਸਰਾਂ ਨੂੰ ਸਿਰਫ਼ 11 ਹਜ਼ਾਰ ਤਨਖ਼ਾਹ ਦਿੱਤੀ ਗਈ ਹੈ। ਗੈੱਸਟ ਫੈਕਲਟੀ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਵਾਰ ਵਾਰ ਤਨਖ਼ਾਹਾਂ ਵਾਲਾ ਮਾਮਲਾ ਯੂਨੀਵਰਸਿਟੀ ਅਤੇ ਸੰਬੰਧਿਤ ਕਾਲਜ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋਇਆ ਜਦੋਂ ਕਿ ਉਨ੍ਹਾਂ ਦੀ ਤਨਖਾਹ 21 ਹਜ਼ਾਰ ਤੋਂ ਵਧਾ ਕੇ 30 ਹਜ਼ਾਰ ਕਰਨ ਬਾਰੇ ਵੀ ਪੱਤਰ ਜਾਰੀ ਹੋ ਚੁੱਕਿਆ ਹੈ।