ਥੈਲੇਸੀਮੀਆ ਪੀੜਤਾਂ ਨੂੰ ਐਚਆਈਵੀ ਖੂਨ ਚੜ੍ਹਾਉਣ ਦਾ ਮੁੱਦਾ ਭਖ਼ਿਆ

ਇੱਕੋ ਦਿਨ ਤਿੰਨ ਧਰਨੇ ਲੱਗੇ; ਪੀੜਤ ਬੱਚਿਆਂ ਦੀ ਹਮਾਇਤ ’ਚ ਲੋਕਾਂ ਨੇ ਡਾਕਟਰ ਖ਼ਿਲਾਫ਼ ਭੜਾਸ ਕੱਢੀ

ਥੈਲੇਸੀਮੀਆ ਪੀੜਤਾਂ ਨੂੰ ਐਚਆਈਵੀ ਖੂਨ ਚੜ੍ਹਾਉਣ ਦਾ ਮੁੱਦਾ ਭਖ਼ਿਆ

ਹਸਪਤਾਲ ਵਿਚ ਹੋਈ ਹੁੱਲੜਬਾਜ਼ੀ ’ਤੇ ਡਾਕਟਰ ਰੋਸ ਪ੍ਰਗਟ ਕਰਦੇ ਹੋਏ । -ਫ਼ੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 26 ਨਵੰਬਰ

ਬਠਿੰਡਾ ਦੇ ਸ਼ਹੀਦ ਮਨੀ ਸਿੰਘ ਹਸਪਤਾਲ ਵਿਚ ਮਾਹੌਲ ’ਚ ਤਣਾਅ ਪੈਦਾ ਹੋ ਗਿਆ ਜਦੋਂ ਪੀੜਤ ਬੱਚਿਆਂ ਦੇ ਮਾਪਿਆਂ ਨੇ ਬਠਿੰਡਾ ਥੈਲੇਸੀਮੀਆ ਸੁਸਾਇਟੀ ਦੇ ਆਗੂ ਜਤਿੰਦਰ ਸਿੰਘ ਦੀ ਅਗਵਾਈ ਹੇਠ ਇਕੱਤਰ ਪੀੜਤ ਪਰਿਵਾਰਾਂ ਨੇ ਐਸਐਮਓ ਬਠਿੰਡਾ ਮਨਿੰਦਰਪਾਲ ਸਿੰਘ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੀੜਤ ਬੱਚਿਆਂ ਲਈ ਇਨਸਾਫ਼ ਅਤੇ ਬਲੱਡ ਬੈਂਕ ਦੇ ਦੋਸ਼ੀ ਕਰਮਚਾਰੀਆਂ ਨੂੰ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਅਸਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਮੰਗੀ ਅਤੇ ਕਿਹਾ ਕੰਟਰੈਕਟ ਕਾਮਿਆਂ ਨੂੰ ਫ਼ਾਰਗ ਕਰ ਕੇ ਪੱਲਾ ਝਾੜਿਆ ਜਾ ਰਿਹਾ ਹੈ। ਅੱਜ ਥੈਲੇਸੀਮੀਆਂ ਤੋਂ ਪੀੜਤ ਮਾਪੇ ਬੱਚਿਆਂ ਸਮੇਤ ਪੁੱਜੇ ਹੋਏ ਸਨ। ਮੌਕੇ ’ਤੇ ਪੁੱਜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਦੀ ਅਗਵਾਈ ਹੇਠ ਜਦੋਂ ਹਸਪਤਾਲ ਦੇ ਐਸਐਮਓ ਨੂੰ ਮਿਲੇ ਤਾਂ ਗੱਲ ਤੂੰ ਤੂੰ ਮੈਂ ਮੈਂ ਤੱਕ ਵੱਧ ਗਈ ਅਤੇ ਪੀੜਤ ਬੱਚਿਆਂ ਦੀ ਹਮਾਇਤ ’ਤੇ ਆਏ ਲੋਕਾਂ ਨੇ ਹਸਪਤਾਲ ਦੇ ਸੀਨੀਅਰ ਡਾਕਟਰ ਖ਼ਿਲਾਫ਼ ਭੜਾਸ ਕੱਢੀ।

ਮਾਹੌਲ ਤਣਾਅ ਪੂਰਨ ਹੁੰਦਾ ਦੇਖ ਥਾਣਾ ਕੋਤਵਾਲੀ ਦੇ ਇੰਸਪੈਕਟਰ ਦਵਿੰਦਰ ਸਿੰਘ ਅਤੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਵੀ ਪੁੱਜੇ ਗਏ। ਹੁੱਲੜਬਾਜ਼ੀ ਹੁੰਦੀ ਦੇਖ ਸੁਰੱਖਿਆ ਵਜੋਂ ਪੁਲੀਸ ਕੁਝ ਵਿਅਕਤੀਆਂ ਨੂੰ ਧੱਕੇ ਮਾਰਦੀ ਹੋਈ ਹਸਪਤਾਲ ਦੀ ਚੌਂਕੀ ਲੈ ਗਈ। ਇਸ ਮੌਕੇ ਪੀਐਮਐਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਮੇਲ ਸਿੰਘ ਦੀ ਅਗਵਾਈ ਵਿਚ ਧਰਨਾ ਮਾਰ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਬਾਹਰੀ ਲੋਕਾਂ ਵੱਲੋਂ ਹਸਪਤਾਲ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਬਲੱਡ ਬੈਂਕ ਅੰਦਰ ਪੁਲੀਸ ਕਰਮੀ ਤਾਇਨਾਤ ਕਰਨ ਦੀ ਮੰਗ ਕੀਤੀ। ਉੱਧਰ ਆਪ ਆਗੂ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਹਸਪਤਾਲ ਦਾ ਬਲੱਡ ਬੈਂਕ ਬੱਚਿਆਂ ਨੂੰ ਮੌਤ ਵੰਡ ਰਿਹਾ। ਇਸ ਮੌਕੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਪੁੱਜੇ ਹੋਏ ਸਨ । ਅੱਜ ਪੈਰਾਮੈਡੀਕਲ ਸਟਾਫ਼ ਨੇ 25 ਨਵੰਬਰ ਨੂੰ ਬੰਦ ਦੇ ਸੱਦੇ ’ਤੇ ਧਰਨਾ ਮਾਰਦਿਆਂ ਗਗਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਹਸਪਤਾਲ ਦੇ ਉੱਚ ਅਫ਼ਸਰ ਨਕਾਮੀਆਂ ਛਪਾਉਣ ’ਤੇ ਲੱਗੇ ਹੋਏ ਹਨ ਜਦੋਂ ਕਿ ਹਸਪਤਾਲ ਦੀ ਬਲੱਡ ਬੈਂਕ ਵਿਚ ਬਿਨਾਂ ਟਰੇਨਿੰਗ ਦਿੱਤੇ ਸਟਾਫ਼ ਨੂੰ ਤਾਇਨਾਤ ਕੀਤਾ ਗਿਆ ਅਤੇ ਬਲੱਡ ਬੈਂਕ ਅੰਦਰ ਐਚਆਈਵੀ ਟੈੱਸਟ ਮਸ਼ੀਨ ਖ਼ਰਾਬ ਪਈ ਹੈ। ਉਨ੍ਹਾਂ ਜਾਂਚ ਕਮੇਟੀ ਦੀ ਰਿਪੋਰਟ ਨੂੰ ਇੱਕ ਪਾਸੜ ਕਰਾਰ ਦਿੱਤਾ। ਦੂਜੇ ਪਾਸੇ ਬਲੱਡ ਬੈਂਕ ਦੇ ਬਰਖ਼ਾਸਤ ਕੀਤੇ ਗਏ ਕਰਮਚਾਰੀ ਅਜੇ ਸ਼ਰਮਾ, ਗੁਰਪ੍ਰੀਤ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਗੋਦਾਰਾ ਆਦਿ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ, ਨਾ ਹੀ ਉਨ੍ਹਾਂ ਨੂੰ ਕੋਈ ਟਰੇਨਿੰਗ ਦਿੱਤੀ ਗਈ ਹੈ ਅਤੇ ਨਾ ਹੀ ਟੈਸਟ ਕਰਨ ਵਾਲੇ ਉਪਕਰਣ ਠੀਕ ਹਨ। ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਥਾਣਾ ਕੋਤਵਾਲੀ ਦੇ ਮੁਖੀ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪੀੜਤ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਹਨ ਪਰ ਕਿਸੇ ਵੀ ਬਾਹਰੀ ਵਿਅਕਤੀ ਦੀ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਾਮਲਾ ਦਰਜ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All