ਸਿਰਸਾ (ਨਿੱਜੀ ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਦੱਸਿਆ ਹੈ ਕਿ ਹੁਣ ਗੋਰਖਧਾਮ ਐਕਸਪ੍ਰੈਸ ਰੇਲ ਗੱਡੀ ਹਿਸਾਰ ਤੋਂ ਬਠਿੰਡਾ ਤੱਕ ਚੱਲੇਗੀ। 14 ਜੁਲਾਈ ਨੂੰ ਸਿਰਸਾ ਤੋਂ ਰੇਲ ਗੱਡੀ ਦੇ ਇਕ ਕੋਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ ਤੇ 15 ਜੁਲਾਈ ਤੋਂ ਆਪਣੇ ਤੈਅ ਸਮੇਂ ਮੁਤਾਬਕ ਰੇਲ ਗੱਡੀ ਸ਼ੁਰੂ ਹੋ ਜਾਵੇਗੀ। ਸੰਸਦ ਮੈਂਬਰ ਅੱਜ ਮੀਡੀਆ ਸੈਂਟਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਗੱਡੀ ਦੇ ਬਠਿੰਡਾ ਤੱਕ ਵਿਸਥਾਰ ਕੀਤੇ ਜਾਣ ਨਾਲ ਸਿਰਸਾ ਤੇ ਬਠਿੰਡਾ ਦੇ ਨਾਲ ਲੱਗਦੇ ਖੇਤਰ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਗੋਰਖਧਾਮ ਐਕਸਪ੍ਰੈਸ ਗੱਡੀ ਨੂੰ ਬਠਿੰਡਾ ਤੱਕ ਚਲਾਏ ਜਾਣ ਦੀ ਇਲਾਕੇ ਦੇ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਐਮ.ਪੀ. ਸੁਨੀਤਾ ਦੁੱਗਲ ਨੇ ਕਿਹਾ ਕਿ ਰੇਲ ਮੰਤਰੀ ਨਾਲ ਲਗਾਤਾਰ ਸੰਪਰਕ ਕਰਕੇ ਇਸ ਮੁੱਦੇ ਨੂੰ ਚੁੱਕਿਆ ਜਾ ਰਿਹਾ ਸੀ ਤੇ ਹੁਣ ਲੋਕਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ।