ਸਮੇਂ ਦੀ ਮਾਰ ਅੱਗੇ ਹਾਰ ਗਿਆ ਬਠਿੰਡੇ ਦਾ ਕਿਲਾ : The Tribune India

ਸਮੇਂ ਦੀ ਮਾਰ ਅੱਗੇ ਹਾਰ ਗਿਆ ਬਠਿੰਡੇ ਦਾ ਕਿਲਾ

ਲੋਕਾਂ ਵੱਲੋਂ ਸਰਕਾਰ ਨੂੰ ਕਿਲਾ ਸਾਂਭਣ ਦੀ ਅਪੀਲ; ਸਰਕਾਰ ਨਹੀਂ ਦੇ ਰਹੀ ਲੋੜੀਂਦੇ ਫੰਡ

ਸਮੇਂ ਦੀ ਮਾਰ ਅੱਗੇ ਹਾਰ ਗਿਆ ਬਠਿੰਡੇ ਦਾ ਕਿਲਾ

ਬਠਿੰਡਾ ਦੇ ਕਿਲੇ ਦੀ ਇੱਕ ਡਿੱਗੀ ਹੋਈ ਕੰਧ ਦਾ ਦ੍ਰਿਸ਼।

ਸ਼ਗਨ ਕਟਾਰੀਆ
ਬਠਿੰਡਾ, 1 ਦਸੰਬਰ

ਸਦੀਆਂ ਦਾ ਇਤਿਹਾਸ ਆਪਣੇ ਹਿਰਦੇ ’ਚ ਸਮੋਈ ਬੈਠੇ ਬਠਿੰਡਾ ਦੇ ਕਿਲੇ ਦਾ ਨੂਰ ਦਿਨੋ-ਦਿਨ ਗੁਆਚ ਰਿਹਾ ਹੈ। ਹਕੂਮਤਾਂ ਦੇ ਰੰਗ-ਤਮਾਸ਼ੇ ਵੇਖਣ ਵਾਲੇ ਨੂੰ ਹੁਣ ਆਪਣਿਆਂ ਦੀ ਬੇਗਾਨਗੀ ਦਾ ਅਹਿਸਾਸ ਹੋਣ ਲੱਗਾ ਹੈ। ਪਿਛਲੇ ਚਾਰ ਦਹਾਕਿਆਂ ’ਚ ਆਜ਼ਾਦ ਮੁਲਕ ਦੇ ਹੁਕਮਰਾਨਾਂ ਦੀ ਅਣਦੇਖੀ ਕਾਰਨ ਇਸ ਦੀ ਆਬ ਮੱਧਮ ਪੈ ਗਈ ਹੈ।

15 ਏਕੜ ’ਚ ਬਣੇ ਕਿਲੇ ਦੇ ਦੁਆਲੇ 36 ਬੁਰਜ ਸਨ ਤੇ ਇਸ ਦੀ ਉਚਾਈ 118 ਫੁੱਟ ਹੈ। ਕਿਲੇ ਦੇ ਬੁਰਜਾਂ ’ਤੇ ਬੈਠ ਕੇ ਸੈਨਿਕ ਪਹਿਰੇਦਾਰੀ ਕਰਦੇ ਸਨ। ਮੌਸਮੀ ਹੱਲੇ ਕਾਰਨ ਕਿਲੇ ਦੇ ਬੁਰਜ ਅਤੇ ਬਾਹਰੀ ਦੀਵਾਰ ਦਾ ਲਗਾਤਾਰ ਨੁਕਸਾਨ ਜਾਰੀ ਹੈ। ਕਿਲੇ ਉੱਪਰਲੇ ਬਹੁਤੇ ਬੁਰਜਾਂ ਨੂੰ ਖੋਰਾ 1980 ਦੇ ਦਹਾਕੇ ਤੋਂ ਬਾਅਦ ਲੱਗਣਾ ਸ਼ੁਰੂ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਕਈ ਵਾਰ ਬਾਹਰੀ ਦੀਵਾਰ ਢਹਿ ਚੁੱਕੀ ਹੈ। ਕਿਲੇ ਦੇ ਅੰਦਰ ਇਤਿਹਾਸਕ ਗੁਰੂ ਘਰ ਮੌਜੂਦ ਹੈ ਅਤੇ ਰੋਜ਼ਾਨਾ ਸੈਂਕੜੇ ਲੋਕ ਦਰਸ਼ਨਾਂ ਲਈ ਆਉਂਦੇ ਹਨ। ਕਿਲੇ ਦੇ ਅੰਦਰ ਦੀ ਸਥਿਤੀ ਵੀ ਬਾਹਰ ਨਾਲੋਂ ਕੋਈ ਵੱਖਰੀ ਨਹੀਂ। ਉਂਜ ਪੁਰਾਤੱਤਵ ਵਿਭਾਗ ਵੱਲੋਂ ਇਸ ਅਜੂਬੇ ਦੀ ਹੋਂਦ ਨੂੰ ਸਲਾਮਤ ਰੱਖਣ ਲਈ ਵਿੱਤ ਅਨੁਸਾਰ ਯਤਨ ਜੁਟਾਏ ਜਾ ਰਹੇ ਹਨ ਪਰ ਵਿੱਤੀ ਸੰਕਟ ਅੱਗੇ ਵਿਭਾਗ ਵੀ ਬੇਵੱਸ ਹੈ। ਮੁਰੰਮਤ ਨਾਲ ਕਿਲੇ ਦੀ ਪੁਰਾਣੀ ਦਿੱਖ ਵੀ ਬਰਕਰਾਰ ਨਹੀਂ ਰਹਿ ਰਹੀ, ਜਿਸ ਰਫ਼ਤਾਰ ਨਾਲ ਕਿਲੇ ਦਾ ਨੁਕਸਾਨ ਹੋ ਰਿਹਾ ਹੈ, ਉਸ ਦੀ ਭਰਪਾਈ ਲਈ ਸਰਕਾਰੀ ਫੰਡ ਕਾਫੀ ਘੱਟ ਹਨ। ਪ੍ਰਾਚੀਨ ਭਵਨ ਕਲਾ ਤੇ ਇਤਿਹਾਸਕ ਯਾਦਗਾਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਸਮੇਂ ਦੀ ਸਰਕਾਰ ਤੋਂ ਮੰਗ ਹੈ ਕਿ ਵਿਰਸੇ ਦੇ ਗੁਆਚ ਰਹੇ ਨਕਸ਼ਾਂ ਨੂੰ ਸੰਭਾਲਣ ਲਈ ਦਿਲਚਸਪੀ ਦਿਖਾਈ ਜਾਵੇ। ਉਂਜ ਵੀ ਇਸ ਅਣਮੋਲ ਸਰਮਾਏ ’ਤੇ ਆਉਣ ਵਾਲੀਆਂ ਨਸਲਾਂ ਦਾ ਵੀ ਹੱਕ ਹੈ ਤਾਂ ਕਿ ਉਹ ਇਤਿਹਾਸ ਤੋਂ ਵੱਡਮੁੱਲੀ ਪ੍ਰੇਰਣਾ ਲੈ ਸਕਣ। ਇਤਿਹਾਸਕਾਰਾਂ ਮੁਤਾਬਕ ਇਹ ਕਿਲਾ 19 ਸਦੀਆਂ ਪਹਿਲਾਂ 90-110 ਈਸਵੀ ਦਰਮਿਆਨ ਬਣਿਆ ਸੀ। ਰਾਜਾ ਵਿਨੈ ਪਾਲ ਵੱਲੋਂ ਕਿਲੇ ਦਾ ਨਿਰਮਾਣ ਕਰਾਉਣ ਕਰਕੇ ਇਸ ਦਾ ਨਾਂਅ ਵਿਕਰਮਗੜ੍ਹ ਪਿਆ। ਉਸ ਮਗਰੋਂ ਰਾਜਾ ਜੈਪਾਲ ਨੇ ਕਿਲੇ ਦਾ ਨਾਂ ਜੈਪਾਲਗੜ੍ਹ ਕਰ ਦਿੱਤਾ। ਮੱਧ-ਕਾਲ ’ਚ ਭੱਟੀ ਰਾਓ ਰਾਜਪੂਤ ਨੇ ਕਿਲੇ ਨੂੰ ਨਵੇਂ ਸਿਰਿਓਂ ਬਣਾਇਆ ਅਤੇ ਕਿਲੇ ਦਾ ਨਾਮ ‘ਭੱਟੀਵਿੰਡਾ’ ਰੱਖਿਆ। ਇਸੇ ਕਾਰਨ ਸ਼ਹਿਰ ਦਾ ਨਾਂਅ ਪਹਿਲਾਂ ਭਟਿੰਡਾ ਅਤੇ ਫਿਰ ਬਠਿੰਡਾ ਪਿਆ। 22 ਜੂਨ 1706 ਨੂੰ ਗੁਰੂ ਗੋਬਿੰਦ ਸਿੰਘ ਨੇ ਇਸ ਕਿਲੇ ਵਿਚ ਚਰਨ ਪਾਏ ਸਨ। ਪਟਿਆਲਾ ਰਿਆਸਤ ਦੇ ਮਹਾਰਾਜਾ ਕਰਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਾ ਕੇ, ਕਿਲੇ ਦਾ ਨਾਂ ਗੋਬਿੰਦਗੜ੍ਹ ਰੱਖ ਦਿੱਤਾ। ਦੱਸਿਆ ਜਾਂਦਾ ਹੈ ਕਿ ਬੇਗ਼ਮ ਰਜ਼ੀਆ ਸੁਲਤਾਨਾ ਨੂੰ 1239 ਤੋਂ 1240 ਤੱਕ ਇਸ ਕਿਲੇ ਵਿਚਲੇ ਸੰਮਨ ਬੁਰਜ ’ਚ ਕੈਦ ਰੱਖਿਆ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All