ਮਨੋਜ ਸ਼ਰਮਾ
ਬਠਿੰਡਾ, 8 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਨਿਕਲਣਗੇ ਜਿਸ ਕਾਰਨ ਬਠਿੰਡਾ ਦੇ ਵੱਖ ਵੱਖ ਹਲਕਿਆਂ ’ਚ ਚੋਣ ਲੜੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ ਇਸ ਵਾਰ ਦੇ ਚੋਣ ਨਤੀਜੇ ਹੈਰਾਨੀਜਨਕ ਰਹਿਣ ਦੇ ਡਰੋਂ ਉਮੀਦਵਾਰ ਰਾਤਾਂ ਨੂੰ ਕਰਵਟਾਂ ਲਏ ਰਹੇ ਹਨ। ਸੂਤਰ ਦੱਸਦੇ ਹਨ ਕਿ ਭਾਵੇਂ ਉਮੀਦਵਾਰ ਵੋਟਰਾਂ ਦੇ ਮਨ ’ਚ ਸਫ਼ਲ ਨਹੀਂ ਹੋਏ। ਇੱਕ ਸਿਆਸੀ ਪਾਰਟੀ ਦੇ ਵਰਕਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਸ਼ਹਿਰ ’ਚ ਚੁੱਪ ਚੁਪੀਤੇ ਹਲਵਾਈਆਂ ਨੁੰ ਲੱਡੂਆਂ ਦੇ ਆਰਡਰ ਮਿਲ ਚੁੱਕੇ ਹਨ ਉੱਥੇ ਢੋਲੀਆਂ ਨੂੰ ਵੀ ਢੋਲ ਦੇ ਡੱਗੇ ਲਾਉਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਜ਼ਿਲ੍ਹੇ ’ਚ ਵਿਧਾਨ ਸਭਾ ਦੇ 6 ਹਲਕਿਆਂ ’ਚ ਕਿਨ੍ਹਾਂ ਉਮੀਦਵਾਰਾਂ ਦੀ ਕਿਸਮਤ ਖੁੱਲ੍ਹਦੀ ਹੈ ਉਹ ਤਾਂ 10 ਮਾਰਚ ਨੂੰ ਪਤਾ ਲੱਗੇਗਾ। ਬਠਿੰਡਾ ਦੇ ਹੈਪੀ ਸਿੰਘ ਨੇ ਕਿਹਾ ਕਿ ਭਾਵੇਂ ਹੋਲੀ 18 ਮਾਰਚ ਦੀ ਹੈ ਪਰ ਸ਼ਹਿਰ ਦੀਆਂ ਕਰਿਆਨੇ ਵਾਲੀਆਂ ਦੁਕਾਨਾਂ ’ਤੇ ਗਲਾਲੀ ਵਾਲੇ ਪੈਕੇਟਾਂ ਦੀ ਥਾਂ ਬੋਰੇ ਪਹੁੰਚ ਚੁੱਕੇ ਹਨ। ਸ਼ਹਿਰ ਦੇ ਹਰੀਸ਼ ਗੋਇਲ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਹੋਲੀ ਖੇਡੀ ਜਾਵੇਗੀ । ਬਠਿੰਡਾ ਸ਼ਹਿਰੀ ਹਲਕੇ ਤੋ ਚੋਣ ਲੜ ਰਹੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ, ‘ਆਪ’ ਉਮੀਦਵਾਰ ਜਗਰੂਪ ਸਿੰਘ ਗਿੱਲ, ਭਾਜਪਾ ਦੇ ਰਾਜ ਨੰਬਰਦਾਰ ਤੇ ਸੰਯੁਕਤ ਸਮਾਜ ਮੋਰਚੇ ਦੇ ਹਰਮਿਲਾਪ ਸਿੰਘ ਗਰੇਵਾਲ ਸ਼ਾਮਲ ਹਨ। ਬਠਿੰਡਾ ਦਿਹਾਤੀ ’ਚ ਪੰਜਾਬ ਲੋਕ ਕਾਂਗਰਸ ਦੇ ਸਵੇਰਾ ਸਿੰਘ, ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਭੱਟੀ, ਕਾਂਗਰਸ ਤਰਫੋਂ ਹਰਵਿੰਦਰ ਸਿੰਘ ਤੇ ‘ਆਪ’ ਦੇ ਅਮਿਤ ਰਤਨ ਦੀ ਕਿਸਮਤ ਵੀ ਈਵੀਐਮ ’ਚ ਬੰਦ ਹੈ।
ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ’ਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੀਤਮੋਹਿੰਦਰ ਸਿੰਘ ਸਿੱਧੂ, ‘ਆਪ’ ਵਿਧਾਇਕ ਬਲਜਿੰਦਰ ਕੌਰ, ਭਾਜਪਾ ਦੇ ਰਵੀਪ੍ਰੀਤ ਸਿੰਘ ਸਿੱਧੂ ਕਾਂਗਰਸ ਵਿੱਚੋਂ ਬਾਗ਼ੀ ਹੋਏ ਹਰਮੰਦਰ ਸਿੰਘ ਜੱਸੀ ਜੋ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਰਿਸ਼ਤੇਦਾਰ ਹਨ । ਕਾਂਗਰਸ ਦੇ ਖੁਸ਼ਬਾਜ ਸਿੰਘ ਜਟਾਣਾ ਆਹਮੋ ਸਾਹਮਣੇ ਹਨ। ਵਿਧਾਨ ਸਭਾ ਹਲਕਾ ਮੌੜ ’ਚ ‘ਆਪ’ ਦੇ ਸੁਖਵੀਰ ਮਾਈਸਰਖਾਨਾ, ਸੰਯੁਕਤ ਸਮਾਜ ਮੋਰਚੇ ਦਾ ਲੱਖਾ ਸਿਧਾਣਾ, ਭਾਜਪਾ ਦੇ ਦਿਆਲ ਸੋਢੀ, ਆਵਾਜ਼-ਏ-ਪੰਜਾਬ ਵਜੋਂ ਜਾਣੇ ਜਾਂਦੇ ਅਕਾਲੀ ਦਲ ਦਾ ਜਗਮੀਤ ਬਰਾੜ ਤੇ ਕਾਂਗਰਸ ਦੀ ਮਨੋਜ ਬਾਲਾ ਬਾਂਸਲ ’ਚ ਮੁਕਾਬਲਾ ਹੈ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਅਕਾਲੀ ਦਲ ਵੱਲੋਂ ਸਿਕੰਦਰ ਸਿੰਘ ਮਲੂਕਾ, ‘ਆਪ’ ਵਲੋਂ ਪ੍ਰਸਿੱਧ ਗਾਇਕ ਬਲਕਾਰ ਸਿੱਧੂ, ਕਾਂਗਰਸ ਦਾ ਗੁਰਪ੍ਰੀਤ ਸਿੰਘ ਕਾਂਗੜ ਤੇ ਭਾਜਪਾ ਦੇ ਅਮਰਜੀਤ ਸ਼ਰਮਾ ਭਗਤਾ ਮੈਦਾਨ ’ਚ ਹਨ। ਵਿਧਾਨ ਸਭਾ ਹਲਕਾ ਭੁੱਚੋ ਮੰਡੀ ’ਚ ਵੀ ਕਾਂਗਰਸ ਦੇ ਪ੍ਰੀਤਮ ਸਿੰਘ ਕੋਟਭਾਈ,ਆਪ ਦੇ ਮਾਸਟਰ ਜਗਸੀਰ ਸਿੰਘ, ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਤੇ ਭਾਜਪਾ ਦੇ ਰੁਪਿੰਦਰਜੀਤ ਸਿੰਘ ’ਚ ਮੁਕਾਬਲਾ ਹੈ।