ਪੱਤਰ ਪ੍ਰੇਰਕ
ਬਠਿੰਡਾ, 11 ਸਤੰਬਰ
ਸਥਾਨਕ ਸਰਹਿੰਦ ਕੈਨਾਲ ਵਿੱਚ ਸ਼ੁੱਕਰਵਾਰ ਨੂੰ ਗਣੇਸ਼ ਦੀ ਮੂਰਤੀ ਨੂੰ ਜਲ ਪ੍ਰਵਾਹ ਕਰਦੇ ਸਮੇਂ ਧੋਬੀਆਣਾ ਬਸਤੀ ਦੇ ਰਹਿਣ ਵਾਲੇ 22 ਸਾਲਾ ਉਦੈ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਉਸ ਦੀ ਲਾਸ਼ ਅੱਜ ਬਾਅਦ ਦੁਪਹਿਰ ਨਹਿਰ ਵਿੱਚੋਂ ਨਿਕਲਦੇ ਰਜਵਾਹੇ ਵਿੱਚੋਂ ਪਿੰਡ ਬਾਦਲ ਤੇ ਕਾਲ ਝਰਾਣੀ ਦੇ ਨਜ਼ਦੀਕ ਮਿਲੀ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਦੀ ਲਾਸ਼ ਨੂੰ ਲੱਭਣ ਲਈ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਦੋ ਦਿਨਾਂ ਤੋਂ ਯਤਨ ਕੀਤੇ ਜਾ ਰਹੇ ਸਨ। ਸਮਾਜ ਸੇਵੀ ਸੰਸਥਾ ਸਹਾਰਾ ਦੇ ਕਾਰਕੁਨਾਂ ਨੇ ਦੱਸਿਆ ਕਿ ਉਨ੍ਹਾਂ ਨੌਜਵਾਨ ਦੀ ਲਾਸ਼ ਸੂਏ ਵਿੱਚ ਫਸੀ ਹੋਣ ਬਾਰੇ ਫੋਨ ’ਤੇ ਸੂਚਨਾ ਪ੍ਰਾਪਤ ਹੋਈ ਸੀ। ਉਨ੍ਹਾਂ ਦੱਸਿਆ ਕਿ ਸੰਸਥਾ ਨੇ ਜਾਣਕਾਰੀ ਮਿਲਣ ਮਗਰੋਂ ਸੂਚਨਾ ਵਿੱਚ ਦੱਸੇ ਸਥਾਨ ’ਤੇ ਪੁੱਜ ਕੇ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ।