ਮਨੋਜ ਸ਼ਰਮਾ
ਬਠਿੰਡਾ, 26 ਅਗਸਤ
ਸੇਵਾਮੁਕਤ ਆਈਆਰਐੱਸ ਅਧਿਕਾਰੀ ਬਾਬੂ ਸਿੰਘ ਰਤਨ ਨੇ ਇਥੇ ਬਹੁ-ਮੰਤਵੀ ਖੇਡ ਸਟੇਡੀਅਮ ’ਚ ਰੰਗ-ਬਿਰੰਗੇ ਗੁਬਾਰੇ ਛੱਡ ਕੇ ‘ਪੇਂਡੂ ਓਲੰਪਿਕ ਖੇਡਾਂ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ‘ਪੇਂਡੂ ਓਲੰਪਿਕ ਖੇਡਾਂ 2022’ ਨੌਜਵਾਨ ਖਿਡਾਰੀਆਂ ਲਈ ਸਹਾਈ ਸਿੱਧ ਹੋਣਗੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ‘ਪੇਂਡੂ ਓਲੰਪਿਕ ਖੇਡਾਂ 2022’ ‘ਪ੍ਰਤੀ ਜ਼ਿਲ੍ਹਾ ਵਾਸੀਆਂ ਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਖੇਡਾਂ ਪਿੰਡ, ਬਲਾਕ ਤੇ ਜ਼ਿਲ੍ਹਾ ਪੱਧਰ ’ਤੇ ਕਰਵਾਈਆਂ ਜਾ ਰਹੀਆਂ ਹਨ। ਪਿੰਡ ਪੱਧਰ ’ਤੇ ਇਹ ਖੇਡਾਂ 23 ਅਗਸਤ ਤੱਕ ਜਦੋਂਕਿ ਬਲਾਕ ਪੱਧਰ ਤੇ ਬਠਿੰਡਾ ਬਲਾਕ ਦੀਆਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਅੱਜ ਤੋਂ ਬਹੁ-ਮੰਤਵੀ ਖੇਡ ਸਟੇਡੀਅਮ ਤੋਂ ਹੋ ਰਹੀ ਹੈ ਜਿਸ ਵਿੱਚ 32 ਪਿੰਡਾਂ ਦੇ 500 ਖਿਡਾਰੀ ਤੇ ਖਿਡਾਰਨਾਂ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਗੋਨਿਆਣਾ ਬਲਾਕ ਦੀਆਂ ਖੇਡਾਂ 29 ਤੋਂ 30 ਅਗਸਤ ਤੱਕ ਹੋਣਗੀਆਂ। ਜਿਸ ਦੌਰਾਨ ਵਾਲੀਬਾਲ, ਰੱਸਾ-ਕੱਸੀ, ਫੁੱਟਬਾਲ ਤੇ ਐਥਲੈਟਿਕਸ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿੱਚ ਤੇ ਹਾਕੀ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੋਨਿਆਣਾ ਮੰਡੀ ਵਿੱਚ ਕਰਵਾਏ ਜਾਣਗੇ। ਬਲਾਕ ਭਗਤਾ ਦੀਆਂ ਖੇਡਾਂ 27, 29 ਤੇ 30 ਅਗਸਤ ਤੱਕ ਭਗਤਾ ਭਾਈਕਾ ਵਿੱਚ ਤੇ ਫੂਲ ਬਲਾਕ ਦੀਆਂ ਖੇਡਾਂ 26 ਤੇ 27 ਅਗਸਤ ਨੂੰ ਖੇਡ ਸਟੇਡੀਅਮ ਮਹਿਰਾਜ ’ਚ ਕਰਵਾਈਆਂ ਜਾਣਗੀਆਂ। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਮੌੜ ਦੀਆਂ ਖੇਡਾਂ 29 ਤੋਂ 31 ਅਗਸਤ ਤੱਕ ਕਰਵਾਈਆਂ ਜਾਣਗੀਆਂ। ਐਥਲੈਕਟਿਕਸ, ਵਾਲੀਵਾਲ, ਰੱਸਾ ਕਸੀ ਦੇ ਮੁਕਾਬਲੇ ਮਾਈਸਰਖ਼ਾਨੇ ’ਚ ਤੇ ਫੁੱਟਬਾਲ ਖੇਡ ਦੇ ਮੁਕਾਬਲੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੌੜ ਤੇ ਹਾਕੀ ਦੇ ਮੁਕਾਬਲੇ ਸਰਕਾਰੀ ਮਾਡਲ ਸਕੂਲ ਰਾਮਨਗਰ ਵਿਖੇ ਕਰਵਾਏ ਜਾਣਗੇ।
ਇਸੇ ਤਰ੍ਹਾਂ ਬਲਾਕ ਨਥਾਣਾ ਦੀਆਂ ਖੇਡਾਂ 29 ਤੋਂ 31 ਅਗਸਤ ਤੱਕ ਖੇਡ ਸਟੇਡੀਅਮ ਭੁੱਚੋ ਕਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਲੜਕੇ ਨਥਾਣਾ ਤੇ ਰਾਮਪੁਰਾ ਬਲਾਕ ਦੀਆਂ ਖੇਡਾਂ 29 ਤੋਂ 31 ਅਗਸਤ ਤੱਕ ਖੇਡ ਸਟੇਡੀਅਮ ਮੰਡੀ ਕਲਾਂ ਵਿੱਚ, ਬਲਾਕ ਸੰਗਤ ਦੀਆਂ ਖੇਡਾਂ 29 ਤੋਂ 31 ਅਗਸਤ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਤੇ ਬਲਾਕ ਤਲਵੰਡੀ ਸਾਬੋ ਦੀਆਂ ਖੇਡਾਂ 29 ਤੋਂ 31 ਅਗਸਤ ਤੱਕ ਕਰਵਾਈਆਂ ਜਾਣਗੀਆਂ।