ਗੁਰਪ੍ਰੀਤ ਸਿੰਘ
ਸਾਦਿਕ, 31 ਮਾਰਚ
ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀ ਜ਼ਿੰਮੇਵਾਰੀ ਸੰਭਾਲਣ ਦਾ ਜੋੜ ਤੋੜ ਅਜੇ ਮੁੱਕਿਆ ਨਹੀਂ ਅਤੇ ਹੇਠਲੇ ਪੱਧਰ ’ਤੇ ਅਹੁਦੇਦਾਰੀਆਂ ਨੂੰ ਲੈ ਕੇ ‘ਆਪ’ ਵਰਕਰਾਂ ਵਿੱਚ ਖਿੱਚੋਤਾਣ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਪਾਰਟੀ ਦੀ ਇੱਕ ਧਿਰ ਵੱਲੋਂ ਸੁਖਰਾਜ ਸਿੰਘ ਬੁੱਟਰ ਨੂੰ ਟਰੱਕ ਯੂਨੀਅਨ ਸਾਦਿਕ ਦਾ ਪ੍ਰਧਾਨ ਚੁਣਿਆ ਗਿਆ ਸੀ ਅਤੇ ਟਰੱਕ ਅਪਰੇਟਰਾਂ ਵੱਲੋਂ ਇਸ ਚੋਣ ’ਤੇ ਅਸੰਤੁਸ਼ਟੀ ਜਾਹਿਰ ਕਰਦਿਆਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ ਅਤੇ ਮਾਮਲਾ ਹੱਥੋ ਪਾਈ ਤੱਕ ਪਹੁੰਚ ਗਿਆ ਸੀ। ਇਸੇ ਕਾਰਨ ਨਾਖੁਸ਼ ਧਿਰ ਵੱਲੋਂ ਪਹਿਲੀ ਚੋਣ ਨੂੰ ਰੱਦ ਕਰਦਿਆਂ ਆਪਣੀ ਧਿਰ ਦੇ ਜਸਵਿੰਦਰ ਸਿੰਘ ਸੰਧੂ ਨੂੰ ਪ੍ਰਧਾਨ ਅਤੇ ਗੁਰਮੇਲ ਸਿੰਘ, ਬਾਬਾ ਮੌਲਾ ਜੱਟ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਜਸਵਿੰਦਰ ਸਿੰਘ ਸੰਧੂ ਨੇ ਆਖਿਆ ਕਿ ਪਹਿਲਾਂ ਚੁਣੇ ਗਏ ਪ੍ਰਧਾਨ ਕੋਲ ਆਪਣਾ ਟਰੱਕ ਨਹੀ ਹੈ ਅਤੇ ਖੁਦ ਟਰੱਕ ਮਾਲਕੀ ਵਾਲਾ ਪ੍ਰਧਾਨ ਹੀ ਟਰੱਕਾਂ ਵਾਲਿਆਂ ਦੀਆਂ ਮੁਸ਼ਕਿਲਾਂ ਨੂੰ ਸਮਝ ਅਤੇ ਹੱਲ ਕਰਵਾ ਸਕਦਾ ਹੈ। ‘ਆਪ’ ਆਗੂ ਗਗਨਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਟਰੱਕ ਅਪਰੇਟਰਾਂ ਦੀ ਸਹਿਮਤੀ ਨਾਲ ਚੋਣ ਕਰਨ ਲਈ ਆਖਿਆ ਗਿਆ ਸੀ।
ਚੇਅਰਮੈਨ ਰਾਜਨ ਗਰਗ ਵੱਲੋਂ ਅਸਤੀਫ਼ਾ
ਬਠਿੰਡਾ (ਪੱਤਰ ਪ੍ਰੇਰਕ) ਜ਼ਿਲ੍ਹਾ ਯੋਜਨਾ ਦੇ ਚੇਅਰਮੈਨ ਐਡਵੋਕੇਟ ਰਾਜਨ ਗਰਗ ਨੇ ਅੱਜ ਯੋਜਨਾ ਬੋਰਡ ਦੀ ਚੇਅਰਮੈਨੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅੱਜ ਉਨ੍ਹਾਂ ਆਪਣਾ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਭੇਜ ਦਿੱਤਾ ਹੈ। ਰਾਜਨ ਗਰਗ ਨੇ ਆਪਣਾ ਅਸਤੀਫਾ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਆਪ’ ਦੀ ਸਰਕਾਰ ਨੂੰ ਮੌਕਾ ਦਿੱਤਾ ਹੈ, ਇਸ ਲਈ ਉਹ ਨੈਤਿਕਤਾ ਦੇ ਆਧਾਰ ’ਤੇ ਅਸਤੀਫਾ ਦੇ ਰਹੇ ਹਨ।