ਮਨੋਜ ਸ਼ਰਮਾ
ਬਠਿੰਡਾ, 23 ਜੂਨ
ਨਗਰ ਨਿਗਮ ਬਠਿੰਡਾ ਵੱਲੋਂ ਅੱਜ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਰੱਖੀ ਗਈ ਜਨਰਲ ਹਾਊਸ ਦੀ ਪਲੇਠੀ ਮੀਟਿੰਗ ਦੌਰਾਨ ਕਾਂਗਰਸੀ ਮੇਅਰ ਨੂੰ ਆਪਣਿਆਂ ਦੇ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ 17 ਏਜੰਡੇ ਲਿਆਂਦੇ ਗਏ ਜਦਕਿ 5 ਏਜੰਡੇ ਪਾਸ ਨਹੀਂ ਹੋ ਸਕੇ।
ਅੱਜ ਮੀਟਿੰਗ ਦੌਰਾਨ ਸੱਤਾ ਧਿਰ ਨਾਲ ਸਬੰਧਤ ਸੀਨੀਅਰ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਵਿਰੋਧੀ ਧਿਰ ਵਾਲੀ ਭੂਮਿਕਾ ਨਿਭਾਉਂਦਿਆਂ ਨਿਗਮ ਦੀ ਕਾਂਗਰਸੀ ਮਹਿਲਾ ਮੇਅਰ ਰਮਨ ਗੋਇਲ ਨੂੰ ਲਾਜਵਾਬ ਕਰ ਦਿੱਤਾ। ਮੇਅਰ ਦੀ ਤਰਫੋਂ ਡਿਪਟੀ ਮੇਅਰ ਅਸ਼ੋਕ ਕੁਮਾਰ ਅਤੇ ਸੀਨੀਅਰ ਮੇਅਰ ਮਾਸਟਰ ਹਰਮੰਦਰ ਸਿੰਘ ਨੇ ਸਵਾਲਾਂ ਦੇ ਜਵਾਬ ਦਿੱਤੇ। ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਡਿਪਟੀ ਜਾਂ ਸੀਨੀਅਰ ਮੇਅਰ ਨੂੰ ਜਵਾਬ ਦੇਣ ਦਾ ਕੋਈ ਹੱਕ ਨਹੀਂ, ਉਹ ਆਪਣੇ ਸਵਾਲ ਦੇ ਜਵਾਬ ਮੇਅਰ ਕੋਲੋਂ ਮੰਗ ਰਹੇ ਹਨ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘੋਸ਼ਣਾ ਪੱਤਰ ਹਵਾ ਵਿੱਚ ਲਹਿਰਾਉਂਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ 6 ਮਹੀਨੇ ਰਹਿ ਗਏ ਹਨ, ਪਰ ਸ਼ਹਿਰ ਵਿੱਚੋਂ ਕਚਰਾ ਪਲਾਂਟ ਨਹੀਂ ਹਟਾਇਆ ਗਿਆ। ਉਨ੍ਹਾਂ ਪਸ਼ੂਆਂ ਲਈ ਹੱਡਾ ਰੋੜੀ ਨਾ ਹੋਣ, ਸੀਵਰੇਜ ਬੋਰਡ ਦੇ ਤ੍ਰਿਵੈਣੀ ਕੰਪਨੀ ਤੋਂ ਮੇਂਟੀਨੈਂਸ ਦੇ ਕੰਮ ਵਾਪਸ ਲੈਣ ਦਾ ਮੁੱਦਾ ਉਠਾਇਆ। ਮੇਅਰ ਵੱਲੋਂ ਚੁੱਪ ਰਹਿਣ ’ਤੇ ਉਨ੍ਹਾਂ ਦੀ ਸੀਨੀਅਰ ਅਤੇ ਡਿਪਟੀ ਮੇਅਰ ਨਾਲ ਬਹਿਸ ਹੁੰਦੀ ਰਹੀ।
ਦੂਜੇ ਪਾਸੇ ਅਕਾਲੀ ਦਲ ਦੇ ਆਗੂ ਹਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਬੋਲਣ ਦਾ ਚੰਗੀ ਤਰ੍ਹਾਂ ਮੌਕਾ ਨਹੀਂ ਦਿੱਤਾ ਗਿਆ। ਫਿਰ ਵੀ ਉਨ੍ਹਾਂ ਨੇ ਸਫ਼ਾਈ ਕਰਮੀਆਂ ਨੂੰ ਰੈਗੂਲਰ ਕਰਨ, ਸ਼ਾਮਲਾਟ ਜ਼ਮੀਨਾਂ ਦਾ ਮਾਲਕੀ ਹੱਕ ਦੇਣ, ਥਰਮਲ ਪਲਾਂਟ ਦੀਆਂ ਝੀਲਾਂ ਦਾ ਇਸਤੇਮਾਲ ਕਰਨ ਦੇ ਮੁੱਦੇ ਉਠਾਏ। ਮਹਿਲਾ ਕੌਂਸਲਰ ਸ਼ੈਰੀ ਗੋਇਲ ਨੇ ਕਿਹਾ ਕਿ ਡਿਪਟੀ ਮੇਅਰ ਅਤੇ ਸੀਨੀਅਰ ਮੇਅਰ ਵੱਲੋਂ ਵਿਰੋਧੀ ਧਿਰ ਲਈ ਵਰਤੀ ਜਾਂਦੀ ਭਾਸ਼ਾ ਠੀਕ ਨਹੀਂ ਹੈ। ਇਸ ਮੌਕੇ ਅਕਾਲੀ ਤੇ ਬਾਗ਼ੀ ਕਾਂਗਰਸੀ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਚੱਲਦੀ ਮੀਟਿੰਗ ਵਿੱਚੋਂ ਵਾਕਆਊਟ ਕੀਤਾ। ਅੱਜ ਮੇਅਰ ਤੇ ਡਿਪਟੀ ਮੇਅਰ ਲਈ ਇਨੋਵਾ ਕ੍ਰਿਸਟਾ ਗੱਡੀਆਂ ਖਰੀਦਣ ਤੇ ਦੋ ਇਲੈਕਟ੍ਰਿਕ ਗੱਡੀਆਂ ਲਈ 81.65 ਲੱਖ ਅਤੇ ਸਟਾਫ ਲਈ ਦੋ ਬੋਲੈਰੋ ਗੱਡੀਆਂ 18.54 ਲੱਖ ਦੀ ਲਾਗਤ ਨਾਲ ਖਰੀਦਣ ਦਾ ਪ੍ਰਸਤਾਵ ਪਾਸ ਕੀਤਾ ਗਿਆ।
ਮੇਅਰ ਰਮਨ ਗੋਇਲ ਮੀਡੀਆ ਦੇ ਸਵਾਲਾਂ ਦੇ ਜਵਾਬ ਨਾ ਦੇ ਸਕੇ
ਅੱਜ ਜਦੋਂ ਹਾਊਸ ਮੀਟਿੰਗ ਦੌਰਾਨ ਮੀਡੀਆ ਕਰਮੀਆਂ ਨੂੰ ਦੂਰ ਰੱਖਣ ਬਾਰੇ ਪੁੱਛਿਆ ਤਾਂ ਮੇਅਰ ਰਮਨ ਗੋਇਲ ਨੇ ਕਰੋਨਾ ਨਿਯਮਾਂ ਦਾ ਹਵਾਲਾ ਦੇ ਦਿੱਤਾ। ਜਦੋਂ ਮੀਡੀਆ ਨੇ ਪੁੱਛਿਆ ਕਿ ਕਰੋਨਾ ਨਿਯਮ ਤਾਂ ਕੌਂਸਲਰਾਂ ਅਤੇ ਹਾਊਸ ਮੀਟਿੰਗ ਮੌਕੇ ਹਾਜ਼ਰ ਸਟਾਫ਼ ’ਤੇ ਲਾਗੂ ਹੁੰਦੇ ਹਨ ਤਾਂ ਉਹ ਕੋਈ ਸਾਰਥਕ ਜਵਾਬ ਨਾ ਦੇ ਸਕੇ। ਜਦੋਂ ਉਨ੍ਹਾਂ ਨੂੰ ਅਕਾਲੀ ਦਲ ਦੇ ਕੌਂਸਲਰ ਅਤੇ ਕਾਂਗਰਸੀ ਕੌਂਸਲਰ ਦੇ ਸਵਾਲਾਂ ਤੋਂ ਕੰਨੀ ਕਤਰਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਡਿਪਟੀ ਮੇਅਰ ਅਤੇ ਸੀਨੀਅਰ ਮੇਅਰ ਨੂੰ ਪਾਵਰ ਦਿੱਤੀ ਗਈ ਸੀ।