ਮਨੋਜ ਸ਼ਰਮਾ
ਬਠਿੰਡਾ, 26 ਮਈ
ਪੰਜਾਬ ਵਿੱਚ ਦੋ ਦਿਨ ਪਹਿਲਾਂ ਬਰਸਾਤ ਨੇ ਹਾਲੇ ਤਾਜ਼ਾ ਰੰਗ ਦਿਖਾਇਆ ਹੈ ਤੇ ਬਠਿੰਡਾ ਪ੍ਰਸ਼ਾਸਨ ਨੇ ਹੜ੍ਹ ਰੋਕਣ ਦੇ ਪੁਖਤਾ ਪ੍ਰਬੰਧਾਂ ਵੀ ਕਰ ਲਏ ਹਨ।
ਜਾਣਕਾਰੀ ਅਨੁਸਾਰ ਆਉਣ ਵਾਲੇ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਹੜ੍ਹਾਂ ਦਾ ਟਾਕਰਾ ਕਰਨ ਲਈ ਪਹਿਲਾਂ ਹੀ ਕਿਸ਼ਤੀਆਂ ਖਰੀਦ ਲਈਆਂ ਹਨ। ਕਿਸੇ ਸਮੇਂ ਬਾਦਲਾਂ ਦਾ ਕੈਲੇਫੋਰਨੀਆ ਕਹਾਉਣ ਵਾਲੇ ਬਠਿੰਡਾ ਦੇ ਸੀਵਰੇਜ ਪ੍ਰਬੰਧਾਂ ’ਤੇ ਕਰੋੜਾਂ ਰੁਪਏ ਤਾਂ ਖਰਚ ਦਿੱਤੇ ਗਏ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ।
ਜ਼ਿਕਰਯੋਗ ਹੈ ਕਿ 2019 ’ਚ ਭਾਰੀ ਬਰਸਾਤ ਤੋਂ ਬਾਅਦ ‘ਨੁਕਸਦਾਰ ਸੀਵਰੇਜ ਸਿਸਟਮ’ ਕਾਰਨ ਜਦੋਂ ਡੀਸੀ, ਆਈਜੀ ਬਠਿੰਡਾ ਰੇਂਜ ਅਤੇ ਐੱਸਐੱਸਪੀ ਦੀਆਂ ਰਿਹਾਇਸ਼ਾਂ ਦੇ ਬਾਹਰ ਕਰੀਬ 5 ਫੁੱਟ ਬਰਸਾਤ ਦਾ ਪਾਣੀ ਜਮ੍ਹਾਂ ਹੋ ਗਿਆ ਸੀ, ਤਾਂ ਉਨ੍ਹਾਂ ਦਾ ਸਾਮਾਨ ਸੁਰੱਖਿਅਤ ਥਾਵਾਂ ’ਤੇ ਲਿਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਸ਼ਤੀਆਂ ਵਿੱਚ ਬਿਠਾ ਕੇ ਬਾਹਰ ਕੱਢ ਲਿਆ ਗਿਆ ਸੀ। ਸ਼ਹਿਰੀ ਹਲਕੇ ਵਿੱਚ ਚੋਣਾਂ ਮੌਕੇ ਬਰਸਾਤੀ ਪਾਣੀ ਦੀ ਨਿਕਾਸੀ ਹੀ ਮੁੱਖ ਚੋਣ ਏਜੰਡਾ ਰਹਿੰਦਾ ਹੈ ਪਰ ਬਾਵਜੂਦ ਇਸ ਦੇ ਹਰ ਵਾਰ ਬਠਿੰਡਾ ਨਗਰ ਨਿਗਮ ਦੇ ਹੜ੍ਹ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਹੈ। ਤਤਕਾਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀ ਸ਼ਹਿਰ ਦੇ ਬਰਸਾਤੀ ਪਾਣੀ ਦੀ ਸਮੱਸਿਆ ਹੱਲ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ। ਪਰ ਦੋ ਦਿਨ ਪਹਿਲਾਂ ਹੀ ਪਈ ਹਲਕੀ ਬਾਰਸ਼ ਨੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ। ਸ਼ਹਿਰ ਦਾ ਜ਼ਿਆਦਾਤਰ ਇਲਾਕਾ ਪਾਣੀ ਵਿਚ ਡੁੱਬ ਗਿਆ ਸੀ। ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪੈਰੇ ਨੇ ਕਿਹਾ ਕਿ ਸ਼ਹਿਰ ਦੀ ਭੂਗੋਲਿਕ ਸਥਿਤੀ (ਟੋਪੋਗ੍ਰਾਫੀ) ਕਟੋਰੇ ਦੇ ਆਕਾਰ ਦੀ ਹੈ ਇਸ ਲਈ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਨੀਵੇਂ ਇਲਾਕਿਆਂ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ। ਹੁਣ ਸਾਡੀਆਂ ਕੋਸ਼ਿਸ਼ਾਂ ਬਰਸਾਤੀ ਪਾਣੀ ਦੇ ਤੇਜ਼ੀ ਨਾਲ ਨਿਕਾਸੀ ਨੂੰ ਯਕੀਨੀ ਬਣਾਉਣ ’ਤੇ ਕੇਂਦ੍ਰਿਤ ਹੈ। ਇਸ ਲਈ ਪਾਣੀ ਨੂੰ ਬਾਹਰ ਕੱਢਣ ਲਈ ਵਰਤੀਆਂ ਜਾਣ ਵਾਲੀਆਂ ਮੋਟਰਾਂ ਦੀ ਮੁਰੰਮਤ ਕੀਤੀ ਗਈ ਹੈ। ਉਨ੍ਹਾਂ ਕਿਹਾ ਜਿੱਥੋਂ ਤੱਕ ਕਿਸ਼ਤੀਆਂ ਦਾ ਸਬੰਧ ਹੈ, ਅਸੀਂ ਉਨ੍ਹਾਂ ਨੂੰ ਸਿਰਫ਼ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਹੀ ਨਹੀਂ ਲਿਆਏ, ਸਗੋਂ ਇਨ੍ਹਾਂ ਦੀ ਵਰਤੋਂ ਸ਼ਹਿਰ ਵਾਸੀਆਂ ਨੂੰ ਕੱਢਣ ਲਈ ਵੀ ਕੀਤੀ ਜਾਵੇਗੀ।
ਮਾਨਸਾ ਵਿੱਚ ਕਿਸ਼ਤੀਆਂ ਚਲਾਉਣ ਦੀ ਮੰਗ
ਮਾਨਸਾ (ਪੱਤਰ ਪ੍ਰੇਰਕ): ਸ਼ਹੀਦ ਭਗਤ ਸਿੰਘ ਨਗਰ ਸੁਧਾਰ ਕਮੇਟੀ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਮੌਨਸੂਨ ਸੀਜ਼ਨ ’ਚ ਪੈਣ ਵਾਲੇ ਦਰਮਿਆਨੇ ਤੇ ਭਾਰੀ ਮੀਂਹ ਨੂੰ ਧਿਆਨ ਵਿਚ ਰੱਖਦੇ ਹੋਏ ਮਾਨਸਾ ਪ੍ਰਸ਼ਾਸਨ ਤੋਂ ਕਿਸ਼ਤੀਆਂ ਚਲਾਉਣ ਲਈ ਟੈਂਡਰ ਕੱਢਣ ਦੀ ਮੰਗ ਕੀਤੀ ਹੈ ਤਾਂ ਜੋ ਜਲ-ਥਲ ਹੋਏ ਸ਼ਹਿਰ ’ਚੋਂ ਲੋਕ ਆਪਣੇ ਘਰਾਂ ਤੱਕ ਆਸਾਨੀ ਨਾਲ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਪੂਰਾ ਸ਼ਹਿਰ ਜਲ ਥਲ ਹੋ ਜਾਂਦਾ ਹੈ ਤੇ ਸ਼ਹਿਰ ਦੇ ਲੋਕਾਂ ਨੂੰ ਤਿੰਨਕੋਣੀ, ਬੱਸ ਸਟੈਂਡ ਸਮੇਤ ਹੋਰ ਥਾਵਾਂ ਤੋਂ ਪੈਦਲ ਚੱਲਣ ਵਾਲੇ ਸ਼ਹਿਰ ਵਾਸੀਆਂ ਨੂੰ ਲੱਕ ਲੱਕ ਪਾਣੀਆਂ ਵਿਚੋਂ ਲੰਘਣਾ ਪੈਂਦਾ ਹੈ ਅਤੇ ਲੋਕਾਂ ਦੇ ਵਾਹਨ ਪਾਣੀ ਵਿਚ ਬੰਦ ਹੋ ਜਾਂਦੇ ਹਨ, ਇਸੇ ਦੇ ਮੱਦੇਨਜ਼ਰ ਇਥੇ ਕਿਸ਼ਤੀਆਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ।